ਚਾਰ ਸਾਲ ਪੂਰੇ ਹੋਣ ''ਤੇ ਰਾਹੁਲ ਨੇ ਮੋਦੀ ਨੂੰ ਦਿੱਤਾ ਏ ਪਲੱਸ ਗ੍ਰੇਡ

05/26/2018 5:33:51 PM

ਨਵੀਂ ਦਿੱਲੀ— ਕੇਂਦਰ ਦੀ ਸੱਤਾ ਦੇ 4 ਸਾਲ ਪੂਰੇ ਹੋਣ ਦੇ ਮੌਕੇ 'ਤੇ ਮੋਦੀ ਸਰਕਾਰ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਇਸ ਵਿਚਕਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ਦੇ 4 ਸਾਲ ਦੇ ਪ੍ਰੋਗਰਾਮ ਨੂੰ ਕਈ ਮੋਰਚੇ 'ਤੇ ਅਸਫਲ ਦੱਸਿਆ ਹੈ। ਇਹ ਹੀ ਨਹੀਂ ਉਨ੍ਹਾਂ ਨੇ ਪੀ. ਐੱਮ. ਮੋਦੀ ਅਤੇ ਸਰਕਾਰ ਦੇ ਕਈ ਮਾਮਲਿਆਂ 'ਤੇ ਗ੍ਰੇਡਿੰਗ ਕੀਤੀ ਹੈ। ਕਾਂਗਰਸ ਪ੍ਰਧਾਨ ਨੇ ਟਵਿੱਟਰ 'ਤੇ ਇਹ ਗ੍ਰੇਡਿੰਗ ਦਿੰਦੇ ਹੋਏ ਕਿਹਾ ਕਿ ਸਰਕਾਰ ਦੀ ਰਿਪੋਰਟ ਕਾਰਡ ਕਈ ਮੋਰਚੇ 'ਤੇ ਉਮੀਦਾਂ ਨੂੰ ਪੂਰਾ ਕਰਨ 'ਚ ਅਸਫਲ ਰਹੀ ਹੈ।

ਕਾਂਗਰਸ ਪ੍ਰਧਾਨ ਨੇ ਐਗਰੀਕਲਚਰ, ਵਿਦੇਸ਼ ਨੀਤੀ, ਬਾਲਣ ਦੀਆਂ ਕੀਮਤਾਂ ਅਤੇ ਨੌਕਰੀਆਂ ਦੇ ਅਵਸਰ ਪੈਦਾ ਕਰਨ ਵਰਗੇ ਮੁੱਦਿਆਂ 'ਤੇ ਮੋਦੀ ਸਰਕਾਰ ਨੂੰ 'ਐੱਫ ਗ੍ਰੇਡ ਦਿੱਤਾ ਹੈ। ਇਹੀ ਨਹੀਂ ਰਾਹੁਲ ਨੇ ਤੰਜ ਕਸਦੇ ਹੋਏ ਮੋਦੀ ਸਰਕਾਰ ਨੂੰ ਵਧੀਆ ਨਾਅਰੇ ਬੋਲਣ ਅਤੇ ਸੈਲਫ ਪ੍ਰਮੋਸ਼ਨ 'ਚ 'ਏ ਪਲੱਸ' ਗ੍ਰੇਡ ਦਿੱਤਾ ਹੈ। ਇਸ ਤੋਂ ਇਲਾਵਾ ਯੋਗ ਨੂੰ ਬੀ-ਗ੍ਰੇਡ ਦਿੱਤਾ ਗਿਆ ਹੈ। ਪੀ. ਐੱਮ. ਮੋਦੀ ਅਕਸਰ ਯੋਗ ਨੂੰ ਮਹੱਤਵਪੂਰਨ ਦੱਸਦੇ ਹੋਏ ਜੀਵਨ 'ਚ ਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਇਸ ਨੂੰ ਮਹੱਤਵਪੂਰਨ ਕਰਾਰ ਦਿੰਦੇ ਰਹੇ ਹਨ। 24 ਮਈ ਨੂੰ ਪੀ. ਐੱਮ. ਮੋਦੀ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਫਿਟਨੈੱਸ ਚੈਲੇਂਜ ਨੂੰ ਲੈ ਕੇ ਟਵਿੱਟਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਜਲਦ ਹੀ ਉਹ ਵੀ ਆਪਣਾ ਵੀਡੀਓ ਸ਼ੇਅਰ ਕਰਨਗੇ।

ਪੀ. ਐੱਮ. ਮੋਦੀ ਦੇ #HumFitTohIndiaFit ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਹੁਲ ਗਾਂਧੀ ਨੇ ਉਸ ਦੇ ਸਾਹਮਣੇ #FuelChallenge ਪੇਸ਼ ਕੀਤਾ। ਰਾਹੁਲ ਨੇ ਕਿਹਾ, 'ਬਾਲਣ ਦੀਆਂ ਕੀਮਤਾਂ ਘੱਟ ਕਰੋ, ਨਹੀਂ ਤਾਂ ਕਾਂਗਰਸ ਪਾਰਟੀ ਦੇਸ਼ ਵਿਆਪੀ ਅੰਦੋਲਨ ਕਰੇਗੀ ਅਤੇ ਅਜਿਹਾ ਕਰਨ ਲਈ ਦਬਾਅ ਬਣਾਵੇਗੀ।' ਰਾਹੁਲ ਨੇ ਲਿਖਿਆ ਕਿ ਮੈਂ ਫਿਊਲ ਚੈਲੇਂਜ ਨੂੰ ਲੈ ਕੇ ਤੁਹਾਡੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਿਹਾ ਹਾਂ, ਜਦਕਿ ਰਾਹੁਲ ਨੇ ਇਹ ਟਵੀਟ 24 ਮਈ ਨੂੰ ਕੀਤਾ ਸੀ। ਰਾਹੁਲ ਨੇ ਕਿਹਾ ਕਿ ਅੱਜ ਦਾ ਮੋਦੀ ਸਰਕਾਰ ਦੀ ਰਿਪੋਰਟ ਇਹ ਹੀ ਕਹਿੰਦੀ ਹੈ, 'ਮਾਸਟਰ ਕੰਮਿਊਨੀਕੇਟਰ, ਜਟਿਲ ਮੁੱਦਿਆਂ 'ਤੇ ਸੰਘਰਸ਼ ਅਤੇ ਘੱਟ ਸਮੇਂ ਲਈ ਚਰਚਾ ਬਟੋਰਨਾ।'