ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਲ ਬਦਸਲੂਕੀ ਦਾ ਮਾਮਲਾ ਮੁੱਖ ਮੰਤਰੀ ਕੋਲ ਪੁੱਜਾ

05/23/2018 1:01:55 PM

ਚੰਡੀਗੜ੍ਹ (ਭੁੱਲਰ) : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ ਗੁਲਾਟੀ ਨਾਲ ਉਚ ਪੁਲਸ ਅਧਿਕਾਰੀ ਵਲੋਂ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚ ਗਿਆ ਹੈ। ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵਲੋਂ ਜ਼ਿਲਾ ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਖਿਲਾਫ਼ ਬਦਸਲੂਕੀ ਦਾ ਦੋਸ਼ ਲਾਉਂਦਿਆਂ ਲਿਖਤੀ ਤੌਰ 'ਤੇ ਸ਼ਿਕਾਇਤ ਕੀਤੀ ਗਈ ਹੈ। 
ਗੁਲਾਟੀ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਇਲਾਵਾ ਡੀ. ਜੀ. ਪੀ. ਸੁਰੇਸ਼ ਅਰੋੜਾ ਨਾਲ ਵੀ ਇਸ ਸਬੰਧੀ ਗੱਲ ਕੀਤੀ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਮੋਹਾਲੀ ਦੀ ਇਕ ਲੜਕੀ ਦੇ ਕਿਸੇ ਮਾਮਲੇ ਸਬੰਧੀ ਐੱਸ. ਐੱਸ. ਪੀ. ਨਾਲ ਫੋਨ 'ਤੇ ਗੱਲ ਕਰਕੇ ਜਾਣਕਾਰੀ ਲੈਣ ਦਾ ਯਤਨ ਕੀਤਾ ਪਰ ਉਨਾਂ ਨੇ ਜਾਣਕਾਰੀ ਦੇਣ ਤੋਂ ਨਾਂਹ ਕਰਦਿਆਂ ਉਲਟਾ ਬਦਸਲੂਕੀ ਕੀਤੀ। ਗੁਲਾਟੀ ਅਨੁਸਾਰ ਆਪਣੀ ਪਛਾਣ ਦੱਸੇ ਜਾਣ ਦੇ ਬਾਵਜੂਦ ਵੀ ਅਧਿਕਾਰੀ ਦਾ ਰਵੱਈਆ ਨਹੀਂ ਬਦਲਿਆ। 
ਐੱਸ. ਐੱਸ. ਪੀ. ਨੇ ਦੋਸ਼ਾਂ ਨੂੰ ਨਕਾਰਿਆ  
ਉਧਰ ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਨੇ ਕਿਹਾ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਲੋਂ ਲਾਏ ਗਏ ਬਦਸਲੂਕੀ ਦੇ ਦੋਸ਼ ਬੇਬੁਨਿਆਦ ਹਨ ਤੇ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ। ਜਿਸ ਲੜਕੀ ਦਾ ਮਾਮਲਾ ਹੈ ਉਹ ਚੰਡੀਗੜ੍ਹ ਨਾਲ ਸਬੰਧਤ ਹੈ, ਜੋ ਕਿ ਮੋਹਾਲੀ ਖੇਤਰ ਦੇ ਘੇਰੇ ਤੋਂ ਬਾਹਰ ਹੈ ਪਰ ਇਸ ਦੇ ਬਾਵਜੂਦ ਉਹ ਕਮਿਸ਼ਨ ਵਲੋਂ ਮੰਗੀ ਗਈ ਜਾਣਕਾਰੀ ਨਿਯਮਾਂ ਅਨੁਸਾਰ ਦੇਣ ਤੋਂ ਨਾਂਹ ਨਹੀਂ ਕਰਦੇ।