ਵੀ. ਸੀ. ਦੀ ਪਾਵਰ ਵਾਪਸ ਲੈਣ ਨਾਲ ਰੁਕੇ ਕਈ ਕੰਮ

05/01/2018 3:30:52 PM

ਚੰਡੀਗੜ੍ਹ (ਰਸ਼ਮੀ ਹੰਸ) : ਪੰਜਾਬ ਯੂਨੀਵਰਸਿਟੀ ਵਿਚ ਸਿੰਡੀਕੇਟ ਵੱਲੋਂ ਵੀ. ਸੀ. ਪ੍ਰੋ. ਅਰੁਣ ਕੁਮਾਰ ਗਰੋਵਰ ਦੀਆਂ ਸ਼ਕਤੀਆਂ ਵਾਪਸ ਲੈ ਲੈਣ ਨਾਲ ਬਹੁਤ ਸਾਰੇ ਕੰਮ ਰੁਕ ਗਏ ਹਨ।  ਪਹਿਲੇ ਦਿਨ ਹੀ ਪੀ. ਯੂ. ਅਥਾਰਟੀ ਨੂੰ ਕਈ ਤਰ੍ਹਾਂ ਦੇ ਕੰਮਾਂ ਨੂੰ ਨਿਪਟਾਉਣ ਵਿਚ ਮੁਸ਼ਕਲ ਪੇਸ਼ ਆਈ। ਧਿਆਨ ਰਹੇ ਕਿ ਪੀ. ਯੂ.  ਸਿੰਡੀਕੇਟ ਨੇ ਵੀ. ਸੀ. ਪ੍ਰੋ. ਅਰੁਣ ਕੁਮਾਰ ਗਰੋਵਰ ਦੀਆਂ ਸਾਰੀਆਂ ਸ਼ਕਤੀਆਂ ਨੂੰ ਐਤਵਾਰ ਨੂੰ ਹੋਈ ਬੈਠਕ ਵਿਚ ਵਾਪਸ ਲੈ ਲਿਆ ਹੈ। ਪ੍ਰੋ. ਗਰੋਵਰ ਹੁਣ ਪੀ. ਯੂ.  ਸਿੰਡੀਕੇਟ ਵੱਲੋਂ ਗਠਿਤ ਕੀਤੀਆਂ ਜਾਣ ਵਾਲੀਆਂ ਕਮੇਟੀਆਂ, ਕਾਲਜਾਂ ਦੇ ਜਾਂਚ ਅਤੇ ਕਾਲਜਾਂ ਵਿਚ ਟੀਚਰਾਂ ਦੀ ਸਿਲੈਕਸ਼ਨ ਨੂੰ ਲੈ ਕੇ ਭੇਜੇ ਜਾਣ ਵਾਲੇ ਲੋਕਾਂ ਦੇ ਸਬੰਧ ਵਿਚ ਕੋਈ ਵੀ ਫੈਸਲਾ ਨਹੀਂ ਲੈ ਸਕਣਗੇ, ਸਗੋਂ ਉਨ੍ਹਾਂ ਦੀ ਜਗ੍ਹਾ ਸਿੰਡੀਕੇਟ ਅਤੇ ਸੈਨੇਟ ਮੈਂਬਰ ਅਸ਼ੋਕ ਗੋਇਲ, ਨਵਦੀਪ ਗੋਇਲ ਅਤੇ ਸੁਭਾਸ਼ ਸ਼ਰਮਾ ਫੈਸਲੇ ਲੈਣ ਲਈ ਅਧਿਕਾਰਿਤ ਕਰ ਦਿੱਤੇ ਗਏ ਹਨ।
ਪੀ. ਯੂ. ਵਿਚ 1 ਮਈ ਨੂੰ ਨਵੇਂ ਡੀ. ਯੂ. ਆਈ. ਦੇ ਤੌਰ 'ਤੇ ਪ੍ਰੋ. ਸ਼ੰਕਰ ਝਾਅ ਨੇ ਜੁਆਇਨ ਕਰਨਾ ਹੈ ਪਰ ਦਿਨ ਭਰ ਕੈਂਪਸ ਵਿਚ ਇਹ ਕਿਆਸ ਲਗਦੇ ਰਹੇ ਕਿ ਵੀ. ਸੀ.  ਪ੍ਰੋ. ਗਰੋਵਰ ਦੇ ਦਸਤਖਤ ਹੋਏ ਬਿਨਾਂ ਉਹ ਇਸ ਅਹੁਦੇ 'ਤੇ ਜੁਆਇਨ ਨਹੀਂ ਕਰ ਸਕਣਗੇ। ਹਾਲਾਂਕਿ ਬਾਅਦ 'ਚ ਇਹ ਮਾਮਲਾ ਸੁਲਝਾ ਲਿਆ ਗਿਆ। ਪੀ. ਯੂ. ਬੁਲਾਰੇ ਵੱਲੋਂ ਇਹ ਕਲੀਅਰ ਕਰ ਦਿੱਤਾ ਗਿਆ ਕਿ ਡੀ. ਯੂ. ਆਈ. ਸ਼ੰਕਰ ਝਾਅ 1 ਮਈ ਨੂੰ ਹੀ ਜੁਆਇਨ ਕਰਨਗੇ। ਪ੍ਰੋ. ਸ਼ੰਕਰ ਝਾਅ ਨੂੰ ਜੁਆਇਨਿੰਗ ਲੈਟਰ ਦਿੱਤਾ ਜਾ ਚੁੱਕਿਆ ਹੈ।
ਗ੍ਰੈਚੁਟੀ ਅਤੇ ਰਿਟਾਇਰ ਬੈਨੀਫਿਟ ਵਿਚ ਮੁਸ਼ਕਲ 

ਸੋਮਵਾਰ ਨੂੰ ਜਿਨ੍ਹਾਂ ਕਰਮਚਾਰੀਆਂ ਨੂੰ ਗ੍ਰੈਚੁਟੀ ਦਿੱਤੀ ਜਾਣੀ ਸੀ, ਉਨ੍ਹਾਂ ਨੂੰ ਨਹੀਂ ਦਿੱਤੀ ਜਾ ਸਕੀ। ਜਿਨ੍ਹਾਂ ਨੂੰ ਰਿਟਾਇਰਮੈਂਟ ਦੇ ਲਾਭ ਦਿੱਤੇ ਜਾਣੇ ਸਨ, ਉਨ੍ਹਾਂ ਨੂੰ ਉਹ ਮੁਨਾਫ਼ੇ ਵੀ ਨਹੀਂ ਦਿੱਤੇ ਜਾ ਸਕੇ। ਇਸ ਤੋਂ ਇਲਾਵਾ ਹੋਰ ਵੀ ਕਈ ਫਾਈਲਾਂ ਵੀ. ਸੀ. ਦੇ ਹਸਤਾਖਰ ਦੇ ਬਿਨਾਂ ਰੁਕੀਆਂ ਰਹੀਆਂ। 
ਨਤੀਜੇ ਵਿਚ ਵੀ ਹੋ ਸਕਦੀ ਹੈ ਦੇਰੀ 

ਵਿਦਿਆਰਥੀਆਂ ਦੇ ਜੋ ਵੀ ਰਿਜ਼ਲਟ ਕੱਢੇ ਜਾਂਦੇ ਹਨ, ਉਨ੍ਹਾਂ 'ਤੇ ਵੀ ਵੀ. ਸੀ. ਦੇ ਹਸਤਾਖਰ ਦੀ ਜ਼ਰੂਰਤ ਹੁੰਦੀ ਹੈ। ਜਦੋਂ ਤਕ ਵੀ. ਸੀ. ਦੇ ਰਿਜ਼ਲਟ 'ਤੇ ਹਸਤਾਖਰ ਨਹੀਂ ਹੋ ਜਾਂਦੇ ਤਦ ਤਕ ਰਿਜ਼ਲਟ ਵੀ ਡਿਕਲੇਅਰ ਨਹੀਂ ਕੀਤੇ ਜਾ ਸਕਣਗੇ।  
ਕਿਵੇਂ ਸੁਲਝ ਸਕਦਾ ਹੈ ਮਸਲਾ 
ਸਿੰਡੀਕੇਟ ਦੀ ਅਗਲੀ ਬੈਠਕ ਮਈ ਵਿਚ ਹੋਣੀ ਹੈ। ਇਸ ਵਿਚ ਜਾਂ ਤਾਂ ਸਿੰਡੀਕੇਟ ਵੀ. ਸੀ. ਨੂੰ ਉਨ੍ਹਾਂ ਦੀ ਪਾਵਰ ਵਾਪਸ ਦੇ ਦਿੱਤੀ ਜਾਵੇ ਤਾਂ ਇਹ ਸਭ ਕੰਮ ਹੋ ਸਕਦੇ ਹਨ ਜਾਂ ਫਿਰ ਹਰ ਕਾਰਜ ਨੂੰ ਸੰਭਾਲਣ ਲਈ ਵੱਖ ਤੋਂ ਕਮੇਟੀ ਬਣਾਈ ਜਾਵੇ।
ਨਹੀਂ ਕੀਤਾ ਜਾਵੇਗਾ ਵੈਦਿਕ ਵਿਭਾਗ ਨਾਲ ਸਵਾਮੀ ਦਯਾਨੰਦ ਚੇਅਰ ਨੂੰ ਮਰਜ 
ਪੀ. ਯੂ. ਨੇ ਇਕ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਅੱਜ ਕਿਹਾ ਕਿ ਪੀ. ਯੂ. ਅਥਾਰਟੀ ਦੀ ਸਵਾਮੀ ਦਯਾਨੰਦ ਚੇਅਰ ਫਾਰ ਵੈਦਿਕ ਸਟੱਡੀਜ਼ ਨੂੰ ਸੰਸਕ੍ਰਿਤ ਵਿਭਾਗ ਨਾਲ ਮਰਜ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਹ ਜਾਣਕਾਰੀ ਡੀ. ਯੂ. ਆਈ. ਪ੍ਰੋ. ਮੀਨਾਕਸ਼ੀ ਮਲਹੋਤਰਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਗਲਤ ਸੂਚਨਾ ਤਹਿਤ ਇਹ ਗੱਲ ਸਾਹਮਣੇ ਆਈ ਕਿ ਚੇਅਰ ਨੂੰ ਸੰਸਕ੍ਰਿਤ ਵਿਭਾਗ ਨਾਲ ਮਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਲਈ ਸਾਨੂੰ ਖੇਦ ਹੈ।
ਵੀ. ਸੀ. ਦੇ ਅਹੁਦੇ ਲਈ ਆਈਆਂ 100 ਤੋਂ ਜ਼ਿਆਦਾ ਅਰਜ਼ੀਆਂ 
ਸੋਮਵਾਰ ਨੂੰ ਵੀ. ਸੀ. ਦੇ ਅਹੁਦੇ ਲਈ ਅਰਜ਼ੀਆਂ ਦਾ ਆਖਰੀ ਦਿਨ ਸੀ। ਪੀ. ਯੂ. ਵਿਚ ਵੀ. ਸੀ. ਦੇ ਅਹੁਦੇ ਲਈ ਕਰੀਬ 107 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ। ਧਿਆਨਯੋਗ ਹੈ ਕਿ 22 ਜੁਲਾਈ ਨੂੰ ਵੀ. ਸੀ. ਪ੍ਰੋ. ਗਰੋਵਰ ਦਾ ਕਾਰਜਕਾਲ ਖਤਮ ਹੋ ਰਿਹਾ ਹੈ।


Related News