ਸਰਕਾਰੀ ਥਰਮਲਾਂ ਦੇ ਸਿਰਫ 3 ਯੂਨਿਟ ਕਰ ਰਹੇ ਨੇ ਉਤਪਾਦਨ

06/04/2018 6:05:45 AM

ਪਟਿਆਲਾ (ਪਰਮੀਤ) - ਪੰਜਾਬ ਵਿਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਤਿੰਨ ਥਰਮਲ ਪਲਾਂਟਾਂ ਦੇ 14 ਯੂਨਿਟਾਂ ਵਿਚੋਂ ਇਸ ਵੇਲੇ ਸਿਰਫ 3 ਯੂਨਿਟ ਬਿਜਲੀ ਉਤਪਾਦਨ ਕਰ ਰਹੇ ਹਨ, ਜਦਕਿ ਪ੍ਰਾਈਵੇਟ ਸੈਕਟਰ ਦੇ ਤਿੰਨ ਥਰਮਲ ਪਲਾਂਟਾਂ ਦੇ ਕੁੱਲ 7 ਵਿਚੋਂ 6 ਯੂਨਿਟ ਇਸ ਵੇਲੇ ਬਿਜਲੀ ਉਤਪਾਦਨ ਕਰ ਰਹੇ ਹਨ। ਪਾਵਰਕਾਮ ਨੇ ਜਿੱਥੇ ਬਠਿੰਡਾ ਪਲਾਂਟ ਪਹਿਲਾਂ ਹੀ ਬੰਦ ਕਰ ਦਿੱਤਾ ਹੈ, ਉਥੇ ਹੀ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 6 ਵਿਚੋਂ ਦੋ ਯੂਨਿਟ ਵੀ ਬੰਦ ਕੀਤੇ ਹੋਏ ਹਨ। ਬਾਕੀ ਦੇ 4 ਯੂਨਿਟਾਂ ਵਿਚ ਵੀ ਬਿਜਲੀ ਉਤਪਾਦਨ ਇਸ ਵੇਲੇ ਠੱਪ ਹੈ। ਇਸ ਵੇਲੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ 4 ਯੂਨਿਟਾਂ ਵਿਚੋਂ ਤਿੰਨ ਯੂਨਿਟ ਬਿਜਲੀ ਪੈਦਾ ਕਰ ਰਹੇ ਹਨ, ਜਿਸ ਵਿਚ ਯੂਨਿਟ ਨੰਬਰ ਦੋ, ਤਿੰਨ ਤੇ ਚਾਰ ਸ਼ਾਮਲ ਹਨ। ਉਹ ਵੀ ਆਪਣੀ ਪੂਰੀ ਸਮਰੱਥਾ 'ਤੇ ਕੰਮ ਨਹੀਂ ਕਰ ਰਹੇ।
ਦੂਜੇ ਪਾਸੇ ਪ੍ਰਾਈਵੇਟ ਸੈਕਟਰ ਦੇ 3 ਥਰਮਲ ਪਲਾਂਟਾਂ ਵਿਚੋਂ ਰਾਜਪੁਰਾ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਹਨ ਪਰ ਸਮਰੱਥਾ ਤੋਂ ਅੱਧੀ ਬਿਜਲੀ ਪੈਦਾਵਾਰ ਕਰ ਰਹੇ ਹਨ, ਜਦਕਿ ਤਲਵੰਡੀ ਸਾਬੋ ਦੇ 3 ਵਿਚੋਂ 2 ਯੂਨਿਟ ਚਾਲੂ ਹਨ ਅਤੇ ਗੋਇੰਦਵਾਲ ਸਥਿਤ ਜੀ. ਵੀ. ਕੇ. ਪਲਾਂਟ ਦੇ ਦੋਵੇਂ ਯੂਨਿਟ ਇਸ ਵੇਲੇ ਚਾਲੂ ਹਨ। ਪਾਵਰਕਾਮ ਦੇ ਆਪਣੇ ਥਰਮਲਾਂ ਤੋਂ ਜਿੱਥੇ ਇਸ ਵੇਲੇ 497 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ, ਉਥੇ ਹੀ ਪਣ ਬਿਜਲੀ ਪ੍ਰਾਜੈਕਟਾਂ ਤੋਂ 296 ਮੈਗਾਵਾਟ ਬਿਜਲੀ ਮਿਲ ਰਹੀ ਹੈ, ਜਦਕਿ ਰਣਜੀਤ ਸਾਗਰ ਡੈਮ ਪ੍ਰਾਜੈਕਟ 'ਤੇ ਬਿਜਲੀ ਪੈਦਾਵਾਰ ਇਸ ਵੇਲੇ ਬੰਦ ਪਈ ਹੈ। ਪ੍ਰਾਈਵੇਟ ਸੈਕਟਰ ਦੇ ਥਰਮਲ ਪਲਾਂਟਾਂ ਤੋਂ 1608 ਮੈਗਾਵਾਟ ਬਿਜਲੀ ਪੈਦਾਵਾਰ ਹੋ ਰਹੀ ਹੈ। ਇਸ ਤੋਂ ਇਲਾਵਾ ਸੋਲਰ ਪ੍ਰਾਜੈਕਟਾਂ ਤੋਂ ਵੀ 172 ਮੈਗਾਵਾਟ ਬਿਜਲੀ ਮਿਲ ਰਹੀ ਹੈ ਤੇ ਕੁੱਲ ਪੈਦਾਵਾਰ 2574 ਮੈਗਾਵਾਟ ਦੇ ਕਰੀਬ ਹੈ।