ਪ੍ਰਦੂਸ਼ਣ ਕੰਟਰੋਲ ਬੋਰਡ ਦਾ ਐਕਸੀਅਨ ਤੇ ਐੱਸ. ਡੀ. ਓ. ਮੁਅੱਤਲ

05/26/2018 6:31:38 AM

ਚੰਡੀਗੜ੍ਹ/ਮੋਹਾਲੀ/ਗੁਰਦਾਸਪੁਰ/ਬਟਾਲਾ  (ਅਸ਼ਵਨੀ, ਨਿਆਮੀਆਂ, ਵਿਨੋਦ, ਦੀਪਕ,  ਬੇਰੀ, ਅਸ਼ਵਨੀ) - ਕੀੜੀ ਅਫਗਾਨਾ ਸ਼ਰਾਬ ਫੈਕਟਰੀ-ਕਮ-ਸ਼ੂਗਰ ਮਿੱਲ ਹਾਦਸੇ 'ਚ ਪੰਜਾਬ ਸਰਕਾਰ ਨੇ ਅੱਜ ਇਕ ਸਖਤ ਕਾਰਵਾਈ ਕਰਦੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਕੁਲਦੀਪ ਸਿੰਘ ਅਤੇ ਐੱਸ. ਡੀ. ਓ. ਅੰਮ੍ਰਿਤਪਾਲ ਸਿੰਘ ਚਾਹਲ ਨੂੰ ਇਸ ਮਾਮਲੇ 'ਚ ਲਾਪ੍ਰਵਾਹੀ ਕਰਨ ਦੇ ਦੋਸ਼ 'ਚ ਤੁਰੰਤ ਮੁਅੱਤਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਕਿਉਂਕਿ ਏ. ਬੀ. ਗ੍ਰੇਨ ਸਪ੍ਰਿਟ ਲਿਮਟਿਡ-ਕਮ-ਸ਼ੂਗਰ ਮਿੱਲ ਕੀੜੀ ਅਫਗਾਨਾ 'ਚ 16 ਮਈ ਨੂੰ ਅਚਾਨਕ ਇਕ ਟੈਂਕ 'ਚੋਂ ਸੀਰਾ ਗਰਮ ਹੋ ਕੇ ਉਬਲਣ ਤੋਂ ਬਾਅਦ ਇਕ ਰਜਬਾਹੇ ਰਾਹੀਂ ਨਾਲ ਬਿਆਸ ਦਰਿਆ 'ਚ ਚਲਾ ਗਿਆ ਸੀ ਅਤੇ ਬਿਆਸ ਦਰਿਆ 'ਚ ਪਾਣੀ ਦੇ ਉਪਰ ਸੀਰੇ ਦੀ ਤੈਅ ਜੰਮਣ ਕਾਰਨ ਲਗਭਗ 10 ਲੱਖ ਮੱਛੀਆਂ ਮਾਰੀਆਂ ਗਈਆਂ ਸਨ ਅਤੇ ਵਾਤਾਵਰਣ 'ਤੇ ਵੀ ਇਸ ਦਾ ਉਲਟ ਅਸਰ ਪਿਆ ਸੀ, ਜਿਸ ਸਬੰਧੀ ਮੰਤਰੀ ਨੇ ਸਮੇਂ-ਸਮੇਂ 'ਤੇ ਇਸ ਮਿੱਲ ਦੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਗਹਿਰਾਈ ਨਾਲ ਚੈਕਿੰਗ ਨਾ ਕਰਨ ਦੇ ਕਾਰਨ ਹੋਈ ਦੁਰਘਟਨਾ ਲਈ ਐਕਸੀਅਨ ਕੁਲਦੀਪ ਸਿੰਘ ਤੇ ਐੱਸ. ਡੀ. ਓ. ਅੰਮ੍ਰਿਤਪਾਲ ਸਿੰਘ ਨੂੰ ਦੋਸ਼ੀ ਠਹਿਰਾਉਂਦੇ ਹੋਏ ਮੁਅੱਤਲ ਕਰਨ ਦਾ ਆਦੇਸ਼ ਦਿੱਤਾ।