ਪੰਜਾਬ ਦੇ ਡੇਰਿਆਂ ''ਤੇ ਸਰਕਾਰ ਦਾ ਹਾਈਕੋਰਟ ਨੂੰ ਜਵਾਬ, ''''ਕੁਝ ਗਲਤ ਨਹੀਂ ਹੋ ਰਿਹੈ''

05/12/2018 8:55:50 AM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਲਿਖਤੀ ਜਵਾਬ ਦਾਇਰ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਡੇਰਿਆਂ ਅਤੇ ਆਸ਼ਰਮਾਂ ਦੀ ਸਮੇਂ-ਸਮੇਂ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਕਿਸੇ ਵੀ ਡੇਰੇ 'ਚ ਗੈਰ ਕਾਨੂੰਨੀ ਗਤੀਵਿਧੀਆਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪੰਜਾਬ ਸਰਕਾਰ ਨੇ ਇਹ ਜਵਾਬ ਜਸਟਿਸਰ ਆਰੀਅਨ ਰੈਨਾ ਦੀ ਬੈਂਚ ਸਾਹਮਣੇ ਦਾਖਲ ਕੀਤਾ ਹੈ।
ਜਾਣਕਾਰੀ ਮੁਤਾਬਕ ਹਾਈਕੋਰਟ ਨੇ ਕਰੀਬ 2 ਸਾਲ ਪਹਿਲਾਂ ਪੰਜਾਬ ਅਤੇ ਹਰਿਆਣਾ 'ਚ ਸਾਰੇ ਡੇਰਿਆਂ ਦੀ ਜਾਂਚ ਦੇ ਹੁਕਮ ਦਿੱਤੇ ਸਨ ਪਰ ਇਸ ਮਾਮਲੇ 'ਚ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਹੋਣ 'ਤੇ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਚੱਲ ਰਹੀ ਹੈ। ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਵਲੋਂ ਦਾਖਲ ਉਕਤ ਜਵਾਬ ਨੂੰ ਜਸਟਿਸ ਆਰੀਅਨ ਰੈਨਾ ਨੇ ਰਿਕਾਰਡ 'ਤੇ ਲੈਂਦੇ ਹੋਏ ਅਗਲੀ ਸੁਣਵਾਈ 'ਤੇ ਹਰਿਆਣਾ ਸਰਕਾਰ ਨੂੰ ਵੀ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ ਹੈ।
ਪੰਜਾਬ ਦੇ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸਕੱਤਰ ਨਿਰਮਲਜੀਤ ਸਿੰਘ ਕਲਸੀ ਨੇ ਹਾਈਕੋਰਟ 'ਚ ਹਲਫਨਾਮਾ ਦਾਇਰ ਕਰਕੇ ਦੱਸਿਆ ਕਿ ਸਾਲ 2015 ਦੇ ਹੁਕਮਾਂ ਤਹਿਤ ਸੂਬੇ ਦੇ ਸਾਰੇ ਜ਼ਿਲਾ ਪੁਲਸ ਮੁਖੀਆਂ ਅਤੇ ਐੱਸ. ਐੱਚ. ਓਜ਼. ਨੂੰ ਆਪਣੇ-ਆਪਣੇ ਅਧਿਕਾਰ ਖੇਤਰ 'ਚ ਚੱਲ ਰਹੇ ਡੇਰਿਆਂ ਅਤੇ ਆਸ਼ਰਮਾਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ। ਸਾਰੇ ਜ਼ਿਲਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਕਿਸੇ ਵੀ ਡੇਰੇ 'ਚ ਕੋਈ ਗੈਰ ਕਾਨੂੰਨੀ ਗਤੀਵਿਧੀ ਨਹੀਂ ਚੱਲ ਰਹੀ ਹੈ। ਐੱਸ. ਐੱਸ. ਪੀ. ਅਤੇ ਐੱਸ. ਐੱਚ. ਓ. ਨੂੰ ਸਮੇਂ-ਸਮੇਂ 'ਤੇ ਸਾਰੇ ਡੇਰਿਆਂ ਦੀ ਜਾਂਚ ਕਰਕੇ ਉਸ ਦੀ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।