ਭਾਰਤੀ ਕਿਸਾਨ ਯੂਨੀਅਨ ਨੇ ਮੰਗਾਂ ਸਬੰਧੀ ਕੀਤਾ ਰੋਸ ਪ੍ਰਦਰਸ਼ਨ

06/02/2018 5:33:55 AM

ਕਪੂਰਥਲਾ, (ਮਲਹੋਤਰਾ)- ਭਾਰਤੀ ਕਿਸਾਨ ਯੂਨੀਅਨ ਕਪੂਰਥਲਾ ਵਲੋਂ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਬਲਾਕ ਕਰਤਾਰਪੁਰ ਦੇ ਕਿਸਾਨਾਂ ਦੇ ਸਹਿਯੋਗ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਜ਼ਿਲੇ ਦੇ ਸੀਨੀਅਰ ਉਪ ਪ੍ਰਧਾਨ ਦਲਬੀਰ ਸਿੰਘ ਨੇ ਕੀਤੀ। ਧਰਨਾ ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਆਪਣੇ ਸੰਬੋਧਨ 'ਚ ਦਲਬੀਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਫਸਲਾਂ ਦੀ ਹੋ ਰਹੀ ਬੇਕਦਰੀ ਤੇ ਵੱਧ ਰਹੀ ਮਹਿੰਗਾਈ ਨਾਲ ਕਿਸਾਨ ਦੁਖੀ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਆਪਣੇ ਖੇਤਾਂ 'ਚ ਟਰੈਕਟਰ ਚਲਾਉਣ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੀ ਕੀਮਤ ਪੂਰੀ ਨਾ ਮਿਲਣ ਨਾਲ ਕਿਸਾਨ ਕਾਫੀ ਦੁਖੀ ਹੈ। ਕਿਸਾਨ ਸਵਾਮੀਨਾਥਨ ਰਿਪੋਰਟ ਦੀ ਮੰਗ ਨੂੰ ਲੈ ਕੇ ਕਰਜ਼ਾ ਮਾਫੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਯੂਨੀਅਨ ਵਲੋਂ 1 ਜੂਨ ਤੋਂ ਲੈ ਕੇ 10 ਜੂਨ ਤਕ ਮੰਡੀ ਬੰਦ ਕਰਨ ਨਾਲ ਕਿਸਾਨ ਮਹਾਸੰਘ ਦੇ ਫੈਸਲੇ ਦਾ ਪੂਰਨ ਤੌਰ 'ਤੇ ਸਹਿਯੋਗ ਕਰਦੇ ਹਨ। 
ਇਸ ਮੌਕੇ ਵਰਿੰਦਰ ਢਿੱਲੋਂ, ਗੁਰਦੇਵ ਸਿੰਘ, ਬਿਕਰਮਜੀਤ ਸਿੰਘ, ਰਣਜੀਤ ਸਿੰਘ, ਹਰਭੇਜ ਸਿੰਘ, ਸਵਰਨ ਸਿੰਘ, ਚੰਚਲ ਸਿੰਘ ਆਦਿ ਹਾਜ਼ਰ ਸਨ।