ਪਿੰਡ ਵਾਸੀ ਤੇ ਮਮਦੋਟ ਪੁਲਸ ਹੋਈ ਆਹਮੋ-ਸਾਹਮਣੇ

05/25/2018 7:48:31 AM

 ਮਮਦੋਟ  (ਸੰਜੀਵ, ਧਵਨ) - ਪੌਜੋ ਕੇ ਉਤਾਡ਼੍ਹ ਵਿਖੇ ਨਾਜ਼ਾਇਜ਼ ਦੀ ਸ਼ਰਾਬ ਦੀ ਬਰਾਮਦਗੀ ਅਤੇ ਪੁਲਸ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ ’ਚ ਦਰਜ ਕੀਤੇ ਮੁਕੱਦਮੇ ਨੂੰ ਲੈ ਕੇ ਪਿੰਡ-ਵਾਸੀਆਂ ਅਤੇ ਮਮਦੋਟ ਪੁਲਸ ਆਹਮੋ-ਸਾਹਮਣੀ ਹੋ ਗਈ, ਜਿਸ ਦੌਰਾਨ ਨਾਮਜ਼ਦ ਕੀਤੇ ਵਿਅਕਤੀਆਂ ਦੇ ਹੱਕ ’ਚ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਤੇ ਸਮੱਰਥਕ ਵੀ ਨਿੱਤਰ ਆਏ। ਰੋਹ ਵਿਚ ਆਏ ਲੋਕਾਂ ਨੇ ਥਾਣੇ ਦੇ ਬਾਹਰ ਧਰਨਾ ਲਾ ਕੇ ਪੁਲਸ ਪ੍ਰਸ਼ਾਸ਼ਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਨਾਮਜ਼ਦ ਲੋਕਾਂ ਖਿਲਾਫ ਮੁਕੱਦਮਾ ਰੱਦ ਕਰਨ ਦੀ ਮੰਗ ਕੀਤੀ। ਪੀਡ਼ਤ ਪਰਿਵਾਰ ਦੇ ਕਰੀਬ ਅੱਧਾ ਦਰਜਨ ਮੈਂਬਰ ਮਮਦੋਟ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ਼ ਹਨ।
ਕੀ ਕਹਿੰਦੇ ਹਨ ਆਗੂ ਗੁਰਮੀਤ ਸਿੰਘ ਮਹਿਮਾ 
ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਮਹਿਮਾ ਨੇ ਕਿਹਾ ਹੈ ਕਿ ਮਮਦੋਟ ਪੁਲਸ ਨੇ ਅੱਜ ਸਵੇਰੇ ਕਰੀਬ ਛੇ ਵਜੇ ਭਾਰੀ ਪੁਲਸ ਫੋਰਸ ਸਮੇਤ ਪਿੰਡ ਪੌਜੋ ਕੇ ਉਤਾਡ਼੍ਹ ਵਿਖੇ ਮਜ਼ਦੂਰ ਮਲੂਕ ਸਿੰਘ ਦੇ ਘਰ ਨਾਜਾਇਜ਼ ਰੂਪ ਵਿਚ ਛਾਪੇਮਾਰੀ ਕਰਦਿਆਂ ਪਰਿਵਾਰ ਦੀਆਂ ਅੌਰਤਾਂ, ਬੱਚਿਆਂ ਸਮੇਤ ਬਜ਼ੁਰਗਾਂ ਦੀ ਕਾਫੀ ਕੁੱਟਮਾਰ ਕੀਤੀ ਹੈ ਅਤੇ ਇਸ ਤੋਂ ਬਾਅਦ ਥਾਣੇ ਲਿਆ ਕੇ ਉਨ੍ਹਾਂ ’ਤੇ ਤਸ਼ੱਦਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਰਾਬ ਦਾ ਧੰਦਾ ਕਰਨ ਵਾਲੇ ਅਸਲੀ ਮੁਲਜ਼ਮ ਪੁਲਸ ਕੋਲੋਂ ਭੱਜ ਗਏ ਹਨ ਅਤੇ ਗੁਆਂਢ ’ਚ ਰਹਿਣ ਵਾਲੇ ਇਸ ਗਰੀਬ ਪਰਿਵਾਰ ਨੂੰ ਪੁਲਿਸ ਆਪਣੀ ਹਿਰਾਸਤ ’ਚ ਲੈ ਕੇ ਨਾਜਾਇਜ਼ ਪਰਚੇ ਦਰਜ ਕਰ ਰਹੀ ਹੈ। 
ਕੀ ਕਹਿਣਾ ਹੈ ਐੱਸ.ਐੱਚ.ਓ. ਰਛਪਾਲ ਸਿੰਘ 
 ਉੱਧਰ ਥਾਣਾ ਮੁਖੀ ਐੱਸ.ਐੱਚ.ਓ. ਰਛਪਾਲ ਸਿੰਘ ਨੇ ਕਿਹਾ ਹੈ ਕਿ ਕੱਲ ਐਕਸਾਈਜ਼ ਵਿਭਾਗ ਦੀ ਟੀਮ ਅਤੇ ਪੁਲਸ ਦੀ ਸਾਂਝੀ ਛਾਪੇਮਾਰੀ ਦੌਰਾਨ ਸ਼ਰਾਬ ਦੇ ਧੰਦਾ ਕਰਨ ਵਾਲੇ     ਨੂੰ 40 ਬੋਤਲਾਂ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਸੀ, ਜਿਸ ਦੌਰਾਨ ਪਿੰਡ ਦੇ ਕੁਝ ਲੋਕਾਂ ਨੇ ਇਕੱਠੇ ਹੋ ਕੇ ਪੁਲਸ ਦੀ ਕਾਰਵਾਈ ’ਚ ਵਿਘਨ ਪਾਉਂਦਿਆਂ ਮੁਲਾਜ਼ਮਾਂ ਉਪਰ ਹਮਲਾ ਕਰ ਦਿੱਤਾ ਅਤੇ ਪੁਲਸ ਮੁਲਾਜ਼ਿਮ ਦੀ ਵਰਦੀ ਪਾਡ਼੍ਹਨ ਤੋਂ ਇਲਾਵਾ ਐਕਸਾਈਜ਼ ਵਿਭਾਗ ਵਾਲਿਆਂ ਦੀ ਗੱਡੀ ਦੀ ਭੰਨਤੋਡ਼੍ਹ ਵੀ ਕੀਤੀ ਹੈ। ਕੁਝ ਜੱਥੇਬੰਦੀਆਂ ਨੂੰ ਗੁੰਮਰਾਹ ਕਰਕੇ ਪੁਲਸ ਕਾਰਵਾਈ ਨੂੰ ਵਿਸ਼ੇ ਤੋਂ ਭਟਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਨਾਜਾਇਜ਼ ਰੂਪ ’ਚ ਮਾਮਲੇ ਨੂੰ ਤੂਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਘਟਨਾਕ੍ਰਮ ਬਾਰੇ ਜ਼ਿਲਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਜਾ ਚੁੱਕਾ ਹੈ।