ਸਰਕਾਰੀ ਅਤੇ ਨਿੱਜੀ ਬੱਸਾਂ ''ਚ ਅਸ਼ਲੀਲ ਗਾਣੇ ਚਲਾਉਣ ''ਤੇ ਮਨਾਹੀ

05/23/2018 7:05:19 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) — ਜ਼ਿਲਾ ਮੈਜਿਸਟਰੇਟ ਬਰਨਾਲਾ ਧਰਮ ਪਾਲ ਗੁਪਤਾ ਆਈ.ਏ.ਐੱਸ. ਨੇ ਫੌਜਦਾਰੀ ਜ਼ਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਚੱਲਣ ਵਾਲੀਆਂ ਸਰਕਾਰੀ ਅਤੇ ਨਿੱਜੀ ਬੱਸਾਂ 'ਚ ਅਸ਼ਲੀਲ ਗਾਣੇ ਚਲਾਉਣ 'ਤੇ ਪਾਬੰਦੀ ਹੋਵੇਗੀ। ਗੁਪਤਾ ਨੇ ਕਿਹਾ ਕਿ ਜੇਕਰ ਅਜਿਹਾ ਕਰਨ ਵਾਲੇ ਬੱਸ ਚਾਲਕ ਜਾਂ ਕੰਡਕਟਰ ਵਿਰੁੱਧ ਸ਼ਿਕਾਇਤ ਪਾਈ ਗਈ ਤਾਂ ਉਸਦੇ ਖਿਲਾਫ਼ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਇਕ ਹੋਰ ਹੁਕਮ ਤਹਿਤ ਉਨ੍ਹਾਂ ਕਿਹਾ ਕਿ ਜ਼ਿਲੇ ਅੰਦਰ ਅਣ-ਅਧਿਕਾਰਤ ਆਵਾਜ਼ੀ ਪ੍ਰਦੂਸ਼ਣ ਵਾਲੇ ਯੰਤਰਾਂ ਦੀ ਵਰਤੋਂ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਮੈਰਿਜ ਪੈਲੇਸਾਂ/ਧਾਰਮਿਕ ਸਥਾਨਾਂ/ਆਮ ਲੋਕਾਂ ਦੁਆਰਾ ਸਭਿਆਚਾਰਕ ਅਤੇ ਧਾਰਮਕ ਪ੍ਰੋਗਰਾਮਾਂ 'ਚ ਲਾਊਡ ਸਪੀਕਰਾਂ, ਆਰਕੈਸਟਰਾਂ ਅਤੇ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਸ ਦੇ ਫਲਸਰੂਪ ਆਮ ਲੋਕਾਂ, ਮਾਨਸਿਕ ਰੋਗੀਆਂ ਅਤੇ ਬੱਚਿਆਂ ਦੀ ਸਿਹਤ ਅਤੇ ਪੜ੍ਹਾਈ 'ਤੇ ਮਾੜਾ ਅਸਰ ਪੈਂਦਾ ਹੈ। ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ਼ ਨੋਆਇਜ਼ਜ) ਐਕਟ 1956 ਅਨੁਸਾਰ ਕੋਈ ਵੀ ਵਿਅਕਤੀ ਪੂਰਵ ਪ੍ਰਵਾਨਗੀ ਲਾਊਡ ਸਪੀਕਰਾਂ ਜਾਂ ਆਵਾਜ਼ੀ ਯੰਤਰਾਂ ਦੀ ਵਰਤੋਂ ਨਹੀਂ ਕਰ ਸਕਦਾ ਹੈ। ਜਿਸ ਵੀ ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ ਜਾਂ ਆਮ ਲੋਕਾਂ ਨੇ ਲਾਊਡ ਸਪੀਕਰ ਲਗਾਉਣਾ ਹੋਵੇਗਾ, ਉਹ ਵੱਖਰੇ ਤੌਰ 'ਤੇ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਤੋਂ ਪਹਿਲਾਂ ਪ੍ਰਵਾਨਗੀ ਲੈਣਾ ਯਕੀਨੀ ਬਣਾਉਣਗੇ, ਇਸ ਪ੍ਰਵਾਨਗੀ ਦਾ ਭਾਵ ਕਿਸੇ ਵੀ ਤਰ੍ਹਾਂ ਆਮ ਲੋਕਾਂ ਦੀ ਸ਼ਾਂਤੀ ਭੰਗ ਕਰਨਾ ਨਹੀਂ ਹੋਵੇਗਾ। ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਜਾਂ ਆਵਾਜ਼ੀ ਯੰਤਰਾਂ ਦੀ ਵਰਤੋਂ 'ਤੇ ਪੂਰਨ ਪਾਬੰਦੀ ਹੋਵੇਗੀ। ਇਹ ਹੁਕਮ ਮਿਤੀ 25 ਜੂਨ 2018 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।