ਇਜ਼ਰਾਇਲ, ਫਿਲਸਤੀਨ ਖੇਤਰ ਦਾ ਦੌਰਾ ਕਰਨਗੇ ਬ੍ਰਿਟੇਨ ਦੇ ਰਾਜਕੁਮਾਰ ਵਿਲੀਅਮ

05/25/2018 6:07:12 PM

ਲੰਡਨ— ਬ੍ਰਿਟੇਨ ਦੇ ਰਾਜਕੁਮਾਰ ਵਿਲੀਅਮ ਅਗਲੇ ਮਹੀਨੇ ਇਜ਼ਰਾਇਲ ਅਤੇ ਫਿਲਸਤੀਨ ਖੇਤਰ ਦਾ ਅਧਿਕਾਰਤ ਦੌਰਾ ਕਰਨ ਵਾਲੇ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਪਹਿਲੇ ਮੈਂਬਰ ਹੋਣਗੇ। ਰਾਜਕੁਮਾਰ ਬ੍ਰਿਟਿਸ਼ ਸਰਕਾਰ ਵਲੋਂ ਪੱਛਮੀ ਏਸ਼ੀਆ ਦੇ 5 ਦਿਨਾਂ ਦੌਰੇ ਦੀ ਸ਼ੁਰੂਆਤ 24 ਜੂਨ ਨੂੰ ਜੌਰਡਨ ਦੀ ਰਾਜਧਾਨ ਅਮਾਨ ਤੋਂ ਕਰਨਗੇ ਅਤੇ ਦੌਰੇ ਦੀ ਸਮਾਪਤੀ ਯੇਰੂਸ਼ਲਮ 'ਚ ਹੋਵੇਗੀ। ਵਿਲੀਅਮ ਜੌਰਡਨ ਦੇ ਸ਼ਹਿਰ ਜੇਰਾਸ਼, ਇਜ਼ਰਾਇਲ ਦੇ ਤੇਲ ਅਵੀਵ ਅਤੇ ਫਿਲਸਤੀਨ ਦੇ ਸ਼ਹਿਰ ਰਾਮਲਲਾ ਵੀ ਜਾਣਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਦਾਦਾ ਅਤੇ ਉਨ੍ਹਾਂ ਦੇ ਪਿਤਾ ਪ੍ਰਿੰਸ ਚਾਲਰਸ ਯੇਰੂਸ਼ਲਮ ਦਾ ਦੌਰਾ ਕਰ ਚੁੱਕੇ ਹਨ ਪਰ ਉਹ ਦੌਰੇ ਅਧਿਕਾਰਤ ਨਹੀਂ ਸਨ। ਕੇਨਸਿੰਗਟਨ ਪੈਲਸ ਨੇ ਕਿਹਾ ਕਿ ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਦੀ ਬੇਨਤੀ 'ਤੇ ਖੇਤਰ ਦਾ ਦੌਰਾ ਕੀਤਾ ਜਾ ਰਿਹਾ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਵਿਲੀਅਮ ਦਾ ਦੌਰਾ ਖੇਤਰ ਨਾਲ ਡਿਪਲੋਮੈਟ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਹੱਲਾ-ਸ਼ੇਰੀ ਦੇਣ ਲਈ ਮਹੱਤਵਪੂਰਨ ਅਤੇ ਚੰਗਾ ਮੌਕਾ ਹੈ।