IPL 2018 : ਮੰਤਰੀ ਜੀ ਦੀ ਇਸ ਹਰਕਤ ''ਤੇ ਭੜਕ ਗਈ ਪ੍ਰਿਟੀ ਜ਼ਿੰਟਾ, ਜਾਣੋ ਕਿਉਂ

05/17/2018 12:10:32 PM

ਜਲੰਧਰ (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ-2018 (ਆਈ.ਪੀ.ਐੱਲ.-2018) 'ਚ ਕਿੰਗਜ਼ ਇਲੈਵਨ ਪੰਜਾਬ ਦੀ ਕੋ-ਆਨਰ ਪ੍ਰਿਟੀ ਜ਼ਿੰਟਾ ਆਪਣੇ ਗੁੱਸੇ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਪਹਿਲਾਂ ਮੈਂਟਰ ਵਰਿੰਦਰ ਸਹਿਵਾਗ ਨਾਲ ਬਹਿਸ ਅਤੇ ਹੁਣ ਇਕ ਮੰਤਰੀ ਜੀ 'ਤੇ ਉਨ੍ਹਾਂ ਦਾ ਭੜਕਨਾ ਸੁਰਖ਼ੀਆਂ 'ਚ ਹੈ। ਕਿੰਗਜ਼ ਇਲੈਵਨ ਪੰਜਾਬ ਨੇ ਆਪਣਾ ਹੋਮ ਗ੍ਰਾਊਂਡ ਮੋਹਾਲੀ ਤੋਂ ਇੰਦੌਰ ਸ਼ਿਫਟ ਕਰ ਲਿਆ ਅਤੇ ਬੁੱਧਵਾਰ ਦੀ ਰਾਤ ਹੋਲਕਰ ਸਟੇਡੀਅਮ 'ਚ ਹੀ ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ ਸੀ। 

ਮੈਚ ਤੋਂ ਪਹਿਲਾਂ ਕੁਝ ਅਜਿਹੀਆਂ ਗੱਲਾਂ ਹੋਈਆਂ ਜਿਸ ਨੂੰ ਲੈ ਕੇ ਪ੍ਰਿਟੀ ਜ਼ਿੰਟਾ ਕਾਫੀ ਭੜਕ ਗਈ ਅਤੇ ਪ੍ਰੈਸ ਕਾਨਫਰੰਸ 'ਚ ਹੀ ਆਪਣਾ ਗੁੱਸਾ ਕਢਿਆ। ਦਰਅਸਲ ਮੱਧ ਪ੍ਰਦੇਸ਼ ਸਰਕਾਰ ਦੇ ਇਕ ਮੰਤਰੀ ਜੀ ਨੂੰ ਵੀ.ਆਈ.ਪੀ. ਟਿਕਟ ਨਹੀਂ ਮਿਲਿਆ, ਜਿਸ 'ਤੇ ਗੁੱਸਾ ਹੋ ਕੇ ਮੰਤਰੀ ਜੀ ਨੇ ਸਟੇਡੀਅਮ ਵੱਲ ਗੁਜ਼ਰਨ ਵਾਲੇ ਰਸਤੇ ਬੰਦ ਕਰ ਦਿੱਤੇ ਅਤੇ ਆਪਣੇ ਵਿਭਾਗ ਦੀ ਜ਼ਮੀਨ 'ਤੇ ਪਾਰਕਿੰਗ 'ਤੇ ਵੀ ਰੋਕ ਲਗਾ ਦਿੱਤੀ। ਇਸ ਗੱਲ ਨੂੰ ਲੈ ਕੇ ਪ੍ਰਿਟੀ ਨੂੰ ਕਾਫੀ ਗੁੱਸਾ ਆ ਗਿਆ। ਉਨ੍ਹਾਂ ਨੇ ਪ੍ਰੈਸ ਕਾਨਫਰੰਸ 'ਚ ਮੱਧ ਪ੍ਰਦੇਸ਼ ਸਰਕਾਰ ਦੇ ਅਫਸਰਾਂ ਅਤੇ ਅਧਿਕਾਰੀਆਂ ਦੇ ਕੰਮ ਕਰਨ ਦੇ ਤਰੀਕੇ 'ਤੇ ਸਵਾਲ ਉਠਾਏ। 

ਜਾਣੋ ਕਿਉਂ ਹਨ ਸਭ ਇਕ-ਦੂਜੇ ਤੋਂ ਨਾਰਾਜ਼
ਇਸ ਮੈਚ ਨੂੰ ਲੈ ਕੇ ਸਾਰੇ ਇਕ-ਦੂਜੇ ਤੋਂ ਨਾਰਾਜ਼ ਹਨ, ਪ੍ਰਸ਼ੰਸਕ, ਪ੍ਰਸ਼ਾਸਨ, ਫ੍ਰੈਂਚਾਈਜ਼ੀ ਅਤੇ ਨੇਤਾ ਜੀ। ਪ੍ਰਸ਼ੰਸਕ ਇਸ ਲਈ ਨਾਰਾਜ਼ ਹਨ ਕਿਉਂਕਿ ਮੋਹਾਲੀ 'ਚ ਮਿਨੀਮਮ ਟਿਕਟ 500 ਰੁਪਏ ਦਾ ਸੀ, ਜਦਕਿ ਇੰਦੌਰ 'ਚ 900 ਰੁਪਏ ਦਾ। ਪ੍ਰਸ਼ਾਸਨ ਇਸ ਲਈ ਨਾਰਾਜ਼ ਹੈ ਕਿਉਂਕਿ ਪ੍ਰਿਟੀ ਜ਼ਿੰਟਾ ਨੇ ਪ੍ਰੈਸ ਕਾਨਫਰੰਸ 'ਚ ਉਨ੍ਹਾਂ 'ਤੇ ਸਵਾਲ ਉਠਾਏ। ਪੁਲਸ ਇਸ ਲਈ ਨਾਰਾਜ਼ ਹੈ ਕਿਉਂਕਿ ਫ੍ਰੈਂਚਾਈਜ਼ੀ ਟੀਮ ਨੇ ਉਨ੍ਹਾਂ ਨੂੰ ਮੰਗ ਦੇ ਆਧਾਰ 'ਤੇ ਟਿਕਟ ਨਹੀਂ ਦਿੱਤੇ ਅਤੇ ਮੰਤਰੀ ਜੀ ਇਸ ਲਈ ਨਾਰਾਜ਼ ਹਨ ਕਿਉਂਕਿ ਉਨ੍ਹਾਂ ਨੂੰ ਵੀ.ਆਈ.ਪੀ. ਗੈਲਰੀ ਦਾ ਟਿਕਟ ਨਹੀਂ ਮਿਲਿਆ ਜਦਕਿ ਇਨ੍ਹਾਂ ਸਾਰੇ ਬਵਾਲਾਂ ਨੂੰ ਲੈ ਕੇ ਫ੍ਰੈਂਚਾਈਜ਼ੀ ਟੀਮ ਨਾਰਾਜ਼ ਹੈ।