ਪ੍ਰੀਤ ਐਵੀਨਿਊ ''ਚ ਗੰਦੇ ਪਾਣੀ ਦੇ ਫੈਲਣ ਦਾ ਮਾਮਲਾ : ਖਾਨਾਪੂਰਤੀ ਲਈ ਪਹੁੰਚੇ ਡਰੇਨਜ਼ ਤੇ ਨਿਗਮ ਅਧਿਕਾਰੀ

05/26/2018 4:06:54 PM

ਅੰਮ੍ਰਿਤਸਰ (ਵੜੈਚ)- ਵਾਰਡ-12 ਦੇ ਇਲਾਕੇ ਪ੍ਰੀਤ ਐਵੀਨਿਊ ਮਜੀਠਾ ਰੋਡ ਬਾਈਪਾਸ 'ਚ ਸੀਵਰੇਜ ਬੋਰਡ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਗੰਦੇ ਨਾਲੇ ਦੇ ਫੈਲੇ ਪਾਣੀ ਕਰ ਕੇ ਮੁਸ਼ਕਿਲਾਂ ਤੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਨਿਗਮ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਦਿੱਤੇ ਆਦੇਸ਼ਾਂ ਉਪਰੰਤ ਟੀਮ ਚੱਕਰ ਮਾਰ ਕੇ ਖਾਨਾਪੂਰਤੀ ਕਰਦਿਆਂ ਵਾਪਸ ਆ ਗਈ। ਪਿਛਲੇ 3 ਹਫਤਿਆਂ ਤੋਂ ਕਰੀਬ 60 ਝੌਂਪੜੀਆਂ ਸਮੇਤ ਪ੍ਰੀਤ ਐਵੀਨਿਊ ਦੇ ਇਲਾਕੇ 'ਚ ਫੈਲੇ ਪਾਣੀ ਕਰ ਕੇ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਦਾ ਹਾਲ ਜਾਣਨ ਲਈ ਸਿਹਤ ਵਿਭਾਗ ਨੇ ਵੀ ਪਾਸਾ ਵੱਟੀ ਰੱਖਿਆ।
ਪ੍ਰਭਾਵਿਤ ਇਲਾਕੇ ਦੇ ਵਾਰਡ ਤੋਂ ਜਿੱਤ ਕੇ ਬਣੇ ਮੇਅਰ ਵੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਾਣਨ ਵਿਚ ਉਤਸ਼ਾਹਿਤ ਨਜ਼ਰ ਨਹੀਂ ਆਏ, ਜਿਸ ਜਗ੍ਹਾ 'ਤੇ ਕੁਝ ਸਮਾਂ ਰੁਕਣ 'ਤੇ ਦਿਲ ਖਰਾਬ ਹੋਣ ਲੱਗ ਜਾਂਦਾ ਹੈ, ਉਥੇ ਰਹਿਣ ਵਾਲੇ ਲੋਕ ਮਜਬੂਰੀ ਵਿਚ ਸਮਾਂ ਬਤੀਤ ਕਰ ਰਹੇ ਹਨ। ਗੰਦੇ ਪਾਣੀ ਦੀ ਬਦਬੂ ਤੇ ਬੀਮਾਰੀਆਂ ਦੇ ਡਰ ਤੋਂ ਕਈ ਵਿਅਕਤੀਆਂ ਨੇ ਆਪਣੇ ਪਰਿਵਾਰਾਂ ਨੂੰ ਦੂਸਰੇ ਇਲਾਕਿਆਂ ਵਿਚ ਰਹਿੰਦੇ ਰਿਸ਼ਤੇਦਾਰਾਂ ਦੇ ਘਰ ਵਿਚ ਛੱਡਣਾ ਮੁਨਾਸਿਬ ਸਮਝਿਆ ਹੈ। ਜਿਨ੍ਹਾਂ ਘਰਾਂ 'ਚ ਪਾਣੀ ਗਿਆ ਹੈ, ਉਹ ਲੋਕ ਗਲੀਆਂ ਜਾਂ ਦੂਸਰਿਆਂ ਦੇ ਘਰਾਂ ਵਿਚ ਰਾਤਾਂ ਗੁਜ਼ਾਰਨ ਲਈ ਮਜਬੂਰ ਹਨ।
ਨਹੀਂ ਘਟਿਆ ਪਾਣੀ ਦਾ ਲੈਵਲ : 
ਸੀਵਰੇਜ ਵਿਭਾਗ ਵੱਲੋਂ ਗੰਦੇ ਨਾਲੇ ਨੂੰ ਬੰਦ ਕਰਨ ਲਈ ਸੀਵਰੇਜ ਦੀਆਂ ਪਾਈਪਾਂ ਪਾਉਣ ਸਮੇਂ ਇਸ ਗੱਲ ਵੱਲ ਖਾਸ ਧਿਆਨ ਨਹੀਂ ਦਿੱਤਾ ਕਿ ਗੰਦੇ ਨਾਲੇ ਦੇ ਪਾਣੀ ਦੀ ਨਿਕਾਸੀ ਬੰਦ ਕਰਨ ਨਾਲ ਕਿਸੇ ਨੂੰ ਕੀ ਮੁਸ਼ਕਿਲਾਂ ਆ ਸਕਦੀਆਂ ਹਨ। ਵਿਭਾਗ ਦੀ ਲਾਪ੍ਰਵਾਹੀ ਕਾਰਨ ਇਲਾਕੇ ਵਿਚ ਖੜ੍ਹੇ ਪਾਣੀ ਦਾ ਲੈਵਲ ਘੱਟ ਨਹੀਂ ਹੋਇਆ ਸਗੋਂ ਪਹਿਲਾਂ ਨਾਲੋਂ ਕੁਝ ਵੱਧ ਜ਼ਰੂਰ ਗਿਆ ਹੈ।
ਨਾਂ ਦਾ ਛਿੜਕਾਅ : ਕਈ ਦਿਨਾਂ ਤੋਂ ਗੰਦੇ ਪਾਣੀ ਵਿਚ ਸਮਾਂ ਪਾਸ ਕਰ ਰਹੇ ਕਈ ਲੋਕ ਉਲਟੀਆਂ, ਦਸਤ ਤੇ ਬੁਖਾਰ ਦੀ ਲਪੇਟ ਵਿਚ ਆ ਰਹੇ ਹਨ। ਇਲਾਕਾ ਨਿਵਾਸੀਆਂ ਨਾਜਰ ਸਿੰਘ, ਗੁਰਮੀਤ ਸਿੰਘ ਤੇ ਸੁਭਾਸ਼ ਪ੍ਰਵੇਸ਼ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਕੋਈ ਅਧਿਕਾਰੀ ਜਾਂ ਟੀਮ ਇਲਾਕੇ ਵਿਚ ਨਹੀਂ ਆਈ। ਮੁਖਤਿਆਰ ਸਿੰਘ ਨਾਂ ਦਾ ਇਕ ਵਿਅਕਤੀ ਆਇਆ ਸੀ ਅਤੇ ਪਾਣੀ ਦੇ ਕਿਨਾਰਿਆਂ 'ਤੇ ਕੀਟਨਾਸ਼ਕ ਦਵਾਈ ਦਾ ਕੁਝ ਛਿੜਕਾਅ ਕੀਤਾ ਤੇ ਚਲਾ ਗਿਆ। 
ਸ਼ਾਮ ਦੇ ਸਮੇਂ ਆਏ ਨਿਗਮ ਕਰਮਚਾਰੀ : 
ਇਲਾਕੇ 'ਚ ਸਿਰਫ ਚੱਕਰ ਮਾਰਨ ਦੇ ਨਾਂ ਦੀ ਖਾਨਾਪੂਰਤੀ ਕਰਦਿਆਂ ਸ਼ਾਮ ਦੇ ਸਮੇਂ ਨਿਗਮ ਅਧਿਕਾਰੀ ਆਏ ਤੇ ਗੇੜਾ ਕੱਢ ਕੇ ਚਲੇ ਗਏ। ਨਿਗਮ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਨਿਗਮ ਦੇ ਇਕ ਗਰੁੱਪ ਵਿਚ ਪਾਏ ਸੁਨੇਹੇ ਦੀ ਪਾਲਣਾ ਕਰਦਿਆਂ ਐੱਸ. ਡੀ. ਓ. ਮਨਜੀਤ ਸਿੰਘ ਅਤੇ ਜੇ. ਈ. ਰਜੇਸ਼ ਸ਼ਰਮਾ ਸ਼ਾਮ ਦੇ ਸਮੇਂ ਆਏ ਤੇ ਚੱਕਰ ਲਾ ਕੇ ਚਲੇ ਗਏ।
ਰਾਤ ਦੀ ਸ਼ਿਫਟ ਲਾਉਣਗੇ ਕਰਮਚਾਰੀ : ਜੈਨ 
ਸੀਵਰੇਜ ਬੋਰਡ ਵਿਭਾਗ ਦੇ ਐਕਸੀਅਨ ਪੰਕਜ ਜੈਨ ਨੇ ਦੱਸਿਆ ਕਿ ਵਿਭਾਗ ਵੱਲੋਂ ਮੌਕਾ ਦੇਖਣ ਲਈ ਐੱਸ. ਡੀ. ਓ. ਪ੍ਰਦੀਪ ਜੈਨ ਤੇ ਗੁਰਦੀਪ ਨੂੰ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਕਰਮਚਾਰੀਆਂ ਦੀ ਸ਼ਿਫਟ ਲਾ ਕੇ ਕਿਸੇ ਤਰੀਕੇ ਪਾਣੀ ਦੀ ਨਿਕਾਸੀ ਕਰਦਿਆਂ ਇਲਾਕੇ 'ਚੋਂ ਪਾਣੀ ਦਾ ਲੈਵਲ ਘਟਾਇਆ ਜਾਵੇਗਾ। ਉਧਰ ਜਦੋਂ ਡਰੇਨਜ਼ ਵਿਭਾਗ ਦੇ ਐਕਸੀਅਨ ਕੁਲਦੀਪ ਸਿੰਘ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਉਠਾਇਆ।