ਹੈਦਰਾਬਾਦ ਪੈਟਰਨ ਨਾਲ ਬਿਜਲੀ ਚੋਰਾਂ ਨੂੰ ਨੱਥ ਪਾਏਗਾ ਪਾਵਰ ਨਿਗਮ

05/26/2018 6:35:24 PM

ਜਲੰਧਰ (ਪੁਨੀਤ)— ਪਾਵਰ ਨਿਗਮ ਹੈਦਰਾਬਾਦ ਪੈਟਰਨ ਨਾਲ ਬਿਜਲੀ ਚੋਰਾਂ ਨੂੰ ਲਗਾਮ ਪਾਉਣ ਜਾ ਰਿਹਾ ਹੈ, ਜਿਸ ਨਾਲ ਵਿਭਾਗ ਨੂੰ ਚੋਰੀ ਦੇ ਰੂਪ ਵਿਚ ਹੋਣ ਵਾਲਾ ਵਿੱਤੀ ਨੁਕਸਾਨ ਨਹੀਂ ਝੱਲਣਾ ਪਵੇਗਾ। ਇਸ ਸਿਲਸਿਲੇ ਵਿਚ ਵਿਭਾਗ ਵੱਲੋਂ 'ਸੈਪ' (ਸਾਫਟਵੇਅਰ ਐਪਲੀਕੇਸ਼ਨ ਪ੍ਰੋਗਰਾਮ) ਦਾ ਸਹਾਰਾ ਲਿਆ ਗਿਆ ਹੈ। ਹੈਦਰਾਬਾਦ ਪੈਟਰਨ ਸਕੀਮ ਦੇ ਤਹਿਤ  ਡੀ. ਟੀ. ਐੱਮ. (ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਮੀਟਰ) ਸਕੀਮ ਨੂੰ ਕਾਪੀ ਕੀਤਾ ਗਿਆ ਹੈ, ਜਿਸ 'ਚ ਟਰਾਂਸਫਾਰਮਰ 'ਤੇ ਮੀਟਰ ਲਗਾਏ ਜਾ ਰਹੇ ਹਨ। ਬਿਲਿੰਗ ਦੇ ਸਮੇਂ ਟਰਾਂਸਫਾਰਮਰ ਦੀ ਰੀਡਿੰਗ ਅਤੇ ਉਕਤ ਟਰਾਂਸਫਾਰਮਰ ਨਾਲ ਚੱਲ ਰਹੇ ਬਿਜਲੀ ਕੁਨੈਕਸ਼ਨਾਂ ਦੀ ਰੀਡਿੰਗ ਨੂੰ ਆਪਸ 'ਚ ਚੈੱਕ ਕੀਤਾ ਜਾਵੇਗਾ, ਜਿਸ ਨਾਲ ਇਲਾਕੇ 'ਚ ਹੋਣ ਵਾਲੀ ਬਿਜਲੀ ਚੋਰੀ ਦਾ ਪਤਾ ਲੱਗ ਜਾਵੇਗਾ। 
ਸੈਪ ਨੂੰ ਫਿਲਹਾਲ 100 ਕਿਲੋਵਾਟ ਤੋਂ ਉਪਰ ਵਾਲੇ ਜਨਰਲ ਕੰਜ਼ਿਊਮਰ (ਜੀ. ਸੀ.) ਖਪਤਕਾਰਾਂ 'ਤੇ ਲਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਇਸ ਨੂੰ ਵਾਰੋ-ਵਾਰੀ  ਦੂਜੇ ਖਪਤਕਾਰਾਂ 'ਤੇ ਲਾਗੂ ਕੀਤਾ ਜਾਵੇਗਾ। ਵਿਭਾਗ ਹਰੇਕ ਬਿਲਿੰਗ ਮਸ਼ੀਨ ਨੂੰ ਜੀ.ਪੀ. ਆਰ. ਐੱਸ. ਨਾਲ ਜੋੜੇਗਾ, ਜਿਸ ਨਾਲ ਸਬ-ਡਿਵੀਜ਼ਨ 'ਚ ਬੈਠੇ ਜੇ. ਈ., ਐੱਸ. ਡੀ. ਓ. ਰੈਂਕ ਦੇ ਅਧਿਕਾਰੀਆਂ ਨੂੰ ਬਿੱਲ ਦੀ ਡਿਟੇਲ ਉਸੇ ਸਮੇਂ ਪਤਾ ਲੱਗ ਜਾਵੇਗੀ।