ਸਰਕਾਰੀ ਰਸਤੇ ''ਤੇ ਕਬਜ਼ਾ ਹੋਣ ਕਾਰਨ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਦੀ ਜ਼ਮੀਨ ਬਣੀ ਬੰਜਰ

05/23/2018 2:56:47 AM

ਮੌੜ ਮੰਡੀ(ਪ੍ਰਵੀਨ)-ਮਾਲ ਵਿਭਾਗ ਦੇ ਰਿਕਾਰਡ 'ਚ ਸਰਕਾਰੀ ਨਕਸ਼ੇ 'ਤੇ ਪਾਸ ਰਸਤੇ (ਪਹੀ)  ਨੂੰ ਆਪਣੀ ਜ਼ਮੀਨ ਦੱਸਦੇ ਹੋਏ ਕੁਝ ਵਿਅਕਤੀਆਂ ਵੱਲੋਂ ਆਪਣੇ ਖੇਤਾਂ 'ਚ ਮਿਲਾ ਲਿਆ ਗਿਆ ਹੈ, ਜਿਸ ਕਾਰਨ ਪਿੰਡ ਚਨਾਰਥਲ ਦੇ ਇਕ ਆਜ਼ਾਦੀ ਘੁਲਾਟੀਏ ਦਾ ਪਰਿਵਾਰ ਆਪਣੀ ਜ਼ਮੀਨ 'ਚ ਫਸਲ ਦੀ ਬੀਜਾਈ ਕਰਨ ਲਈ ਜਾਣ ਵਾਸਤੇ ਰਸਤਾ ਲੱਭ ਰਿਹਾ ਹੈ ਪਰ ਉਸਦੇ ਖੇਤਾਂ ਨੂੰ ਜਾਣ ਲਈ ਕਿੱਧਰੇ ਰਸਤਾ ਦਿਖਾਈ ਨਹੀਂ ਦੇ ਰਿਹਾ।  ਆਪਣੇ ਖੇਤਾਂ 'ਚ ਜਾਣ ਲਈ ਰਸਤਾ ਲੈਣ ਵਾਸਤੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਇਸ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਦੀ ਕਿੱਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ।  ਦਰਸ਼ਨ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਚਨਾਰਥਲ ਜ਼ਿਲਾ ਬਠਿੰਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਤਿੰਨਾਂ ਭਰਾਵਾਂ ਦਰਸ਼ਨ ਸਿੰਘ, ਹਰਪਾਲ ਸਿੰਘ, ਨਛੱਤਰ ਸਿੰਘ ਦੇ ਨਾਂ 'ਤੇ ਪੰਜ ਏਕੜ ਜ਼ਮੀਨ ਜੱਦੀ ਪੁਸ਼ਤੀ ਹੈ ਅਤੇ ਲੰਮੇ ਸਮੇਂ ਤੋ ਇਸ ਰਕਬੇ ਨੂੰ ਸਰਕਾਰੀ ਰਾਹ ਵੀ ਲੱਗਿਆ ਹੋਇਆ ਹੈ, ਮਾਲ ਵਿਭਾਗ ਦੇ ਰਿਕਾਰਡ ਅਤੇ ਨਕਸ਼ੇ 'ਚ ਵੀ ਦਰਜ ਇਸ ਰਸਤੇ ਨੂੰ ਕੁਝ ਵਿਅਕਤੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਧੱਕੇਸ਼ਾਹੀ ਕਰਦੇ ਹੋਏ ਨਾਜਾਇਜ਼ ਤੌਰ 'ਤੇ ਕਬਜ਼ਾ ਕਰ ਕੇ ਆਪਣੇ ਖੇਤਾਂ 'ਚ ਮਿਲਾ ਲਿਆ ਹੈ। ਜਿਸ ਕਾਰਨ ਸਾਨੂੰ ਆਪਣੀ ਜ਼ਮੀਨ 'ਚ ਸਾਉਣੀ ਦੀ ਫ਼ਸਲ ਦੀ ਬੀਜਾਈ ਕਰਨ ਲਈ ਜਾਣ ਵਾਸਤੇ ਕੋਈ ਰਸਤਾ ਨਹੀਂ ਮਿਲ ਰਿਹਾ, ਜਿਸ ਕਾਰਨ ਸਾਡਾ ਪੰਜ ਏਕੜ ਰਕਬਾ ਬੰਜਰ ਹੋਣ ਕਿਨਾਰੇ ਹੈ। 
ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਅਸੀਂ ਰਸਤੇ ਦੀ ਸਰਕਾਰੀ ਨਿਸ਼ਾਨਦੇਹੀ ਕਰਵਾਉਣ ਅਤੇ ਨਜ਼ਾਇਜ਼ ਕਬਜ਼ਾ ਹਟਾਏ ਜਾਣ ਸਬੰਧੀ ਮਾਲ ਵਿਭਾਗ ਅਤੇ ਪੁਲਸ ਵਿਭਾਗ ਕੋਲ ਦਰਖਾਸਤਾਂ ਵੀ ਦੇ ਚੁੱਕੇ ਹਾਂ ਪਰ ਕਿਸੇ ਵੀ ਅਧਿਕਾਰੀ ਨੇ ਸਰਕਾਰੀ ਰਸਤੇ 'ਤੇ ਹੋਇਆ ਨਾਜਾਇਜ਼ ਕਬਜ਼ਾ ਹਟਾਉਣ ਸਬੰਧੀ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਅਸੀਂ ਲਗਾਤਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਾਂ।  ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲਦ ਨਿਸ਼ਾਨਦੇਹੀ ਕਰਵਾ ਕੇ ਸਰਕਾਰੀ ਰਸਤੇ ਤੋਂ ਕਬਜ਼ਾ ਹਟਵਾਇਆ ਜਾਵੇ ਅਤੇ ਇਸ ਮਾਮਲੇ 'ਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਅਤੇ ਕਬਜ਼ਾ ਕਰਨ ਵਾਲੇ ਲੋਕਾਂ ਖ਼ਿਲਾਫ ਬਣਦੀ ਕਾਰਵਾਈ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ, ਤਾਂ ਜੋ ਅਸੀਂ ਆਪਣੇ ਖੇਤਾਂ 'ਚ ਸਾਉਣੀ ਦੀ ਫਸਲ ਦੀ ਬੀਜਾਈ ਸਮੇਂ ਸਿਰ ਕਰ ਸਕੀਏ। ਇਸ ਸਬੰਧੀ ਜਦ ਮਾਮਲਾ ਦੇਖ ਰਹੇ ਥਾਣੇਦਾਰ ਗੁਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਇਹ ਮਾਮਲਾ ਮਾਲ ਵਿਭਾਗ ਦਾ ਹੈ ਅਤੇ ਸਰਕਾਰੀ ਨਿਸ਼ਾਨਦੇਹੀ ਹੋਣ 'ਤੇ ਇਸ ਮਸਲੇ ਦਾ ਹੱਲ ਹੋ ਜਾਵੇਗਾ।