ਆਮ ਜਨਤਾ ਨੂੰ ਜਲਦ ਮਿਲੇਗੀ ਰਾਹਤ, ਪੈਟਰੋਲ-ਡੀਜ਼ਲ ਹੋ ਸਕਦੈ ਸਸਤਾ!

05/26/2018 2:49:36 PM

ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਵਧ ਰਹੇ ਮੁੱਲ ਤੋਂ ਜਲਦ ਛੁਟਕਾਰਾ ਮਿਲ ਸਕਦਾ ਹੈ। ਕੌਮਾਂਤਰੀ ਬਾਜ਼ਾਰਾਂ 'ਚ ਕੱਚੇ ਤੇਲ 'ਚ ਸ਼ੁੱਕਰਵਾਰ ਨੂੰ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਸ 'ਚ ਅੱਗੇ ਵੀ ਥੋੜ੍ਹੀ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਦਿਸ ਰਹੀ ਹੈ। ਰੂਸ ਅਤੇ ਸਾਊਦੀ ਅਰਬ ਨੇ ਤੇਲ ਸਪਲਾਈ ਵਧਾਉਣ ਦਾ ਸੰਕੇਤ ਦਿੱਤਾ ਹੈ, ਜਿਸ ਕਾਰਨ ਸ਼ੁੱਕਰਵਾਰ ਨੂੰ ਕੌਮਾਂਤਰੀ ਬਾਜ਼ਾਰਾਂ 'ਚ ਤੇਲ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਰੂਸ ਦੇ ਪੈਟਰੋਲੀਅਮ ਮੰਤਰੀ ਅਲੈਕਜੇਂਡਰ ਨੇ ਸਾਊਦੀ ਅਰਬ ਦੇ ਖਾਲਿਦ ਅਲ-ਫਲੀਹ ਨਾਲ ਸੈਂਟ ਪੀਟਰਸਬਰਗ 'ਚ ਮੁਲਾਕਾਤ ਕੀਤੀ ਹੈ। ਇਸ ਦੌਰਾਨ ਇਨ੍ਹਾਂ ਦੋਹਾਂ ਨੇਤਾਵਾਂ ਨੇ ਜਨਵਰੀ 2017 'ਚ ਹੋਈ ਡੀਲ 'ਤੇ ਵਿਚਾਰ ਕੀਤਾ ਹੈ, ਜਿਸ 'ਚ 18 ਲੱਖ ਬੈਰਲ ਰੋਜ਼ਾਨਾ ਕੱਚਾ ਤੇਲ ਘੱਟ ਸਪਲਾਈ ਕਰਨ 'ਤੇ ਸਹਿਮਤੀ ਬਣੀ ਸੀ।
ਹੁਣ ਇਹ ਦੋਵੇਂ ਦੇਸ਼ ਹੌਲੀ-ਹੌਲੀ ਇਸ ਡੀਲ 'ਚੋਂ ਬਾਹਰ ਨਿਕਲਣ ਦਾ ਵਿਚਾਰ ਕਰ ਰਹੇ ਹਨ। ਖਬਰਾਂ ਮੁਤਾਬਕ ਰੂਸ ਦੇ ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਉਹ ਪਲ ਆ ਰਿਹਾ ਹੈ ਜਦੋਂ ਸਾਨੂੰ ਇਸ ਡੀਲ 'ਚ ਬਾਹਰ ਨਿਕਲਣ 'ਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਹੌਲੀ-ਹੌਲੀ ਸਪਲਾਈ ਵਧਾਉਣੀ ਹੋਵੇਗੀ। ਸੂਤਰਾਂ ਮੁਤਾਬਕ ਇਹ ਦੇਸ਼ ਬਾਜ਼ਾਰ 'ਚ ਰੋਜ਼ਾਨਾ ਵਧ ਤੋਂ ਵਧ 10 ਲੱਖ ਬੈਰਲ ਕੱਚੇ ਤੇਲ ਦੀ ਸਪਲਾਈ ਵਧਾਉਣ 'ਤੇ ਵਿਚਾਰ ਕਰ ਰਹੇ ਹਨ, ਤਾਂ ਕਿ ਬਾਜ਼ਾਰ ਨੂੰ ਰਾਹਤ ਦਿੱਤੀ ਜਾ ਸਕੇ। ਸਾਊਦੀ ਅਰਬ ਨੂੰ ਖਾਸ ਕਰਕੇ ਚੀਨ ਅਤੇ ਭਾਰਤ ਦੀ ਚਿੰਤਾ ਹੈ। ਓਪੇਕ ਅਤੇ ਰੂਸ ਦੀ ਅਗਲੀ ਬੈਠਕ 22 ਜੂਨ ਨੂੰ ਹੋਵੇਗੀ, ਜਿਸ 'ਚ ਸਪਲਾਈ ਨੂੰ ਲੈ ਕੇ ਫਿਰ ਤੋਂ ਵਿਚਾਰ ਕੀਤਾ ਜਾਵੇਗਾ।

ਕੱਚੇ ਤੇਲ ਦਾ ਡਿੱਗਾ ਰੇਟ, ਹੋਰ ਹੋ ਸਕਦੀ ਹੈ ਗਿਰਾਵਟ
ਇਸ ਵਿਚਕਾਰ ਸ਼ੁੱਕਰਵਾਰ ਨੂੰ ਅਮਰੀਕੀ ਕੱਚਾ ਤੇਲ 2.83 ਡਾਲਰ ਯਾਨੀ 4 ਫੀਸਦੀ ਦੀ ਗਿਰਾਵਟ ਨਾਲ 67.88 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ, ਜਦੋਂ ਕਿ ਹਫਤੇ ਦੀ ਸ਼ੁਰੂਆਤ 'ਚ ਇਹ ਰਿਕਾਰਡ 72.83 ਡਾਲਰ 'ਤੇ ਪਹੁੰਚ ਗਿਆ ਸੀ। ਉੱਥੇ ਹੀ ਬ੍ਰੈਂਟ ਕੱਚਾ ਤੇਲ ਵੀ 2.4 ਡਾਲਰ ਯਾਨੀ 3 ਫੀਸਦੀ ਦਾ ਗੋਤਾ ਲਾ ਕੇ 76.44 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ। ਕੌਮਾਂਤਰੀ ਬਾਜ਼ਾਰ 'ਚ ਬ੍ਰੈਂਟ ਕੱਚਾ ਤੇਲ ਕੀਮਤਾਂ ਨੂੰ ਕੰਟਰੋਲ ਕਰਦਾ ਹੈ। ਪਿਛਲੇ ਹਫਤੇ ਬ੍ਰੈਂਟ ਕੱਚਾ ਤੇਲ 80.50 ਡਾਲਰ ਦੀ ਕੀਮਤ ਨਾਲ ਸਾਢੇ ਤਿੰਨ ਸਾਲਾਂ ਦੇ ਉੱਚ ਪੱਧਰ 'ਤੇ ਰਿਹਾ ਸੀ। ਸਪਲਾਈ ਵਧਣ ਨਾਲ ਇਸ 'ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕੀਮਤਾਂ ਨੂੰ ਇਸ ਤਰ੍ਹਾਂ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ ਕਿ ਇਹ 80 ਬੈਰਲ ਦੇ ਪਾਰ ਨਾ ਜਾਣ ਅਤੇ ਨਾ ਹੀ ਬਹੁਤ ਹੇਠਾਂ ਆਉਣ।