ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਅੱਗ, ਇਨ੍ਹਾਂ ''ਚ ਤੁਰੰਤ ਕਮੀ ਕਰ ਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ

05/23/2018 12:02:37 AM

2014 ਵਿਚ ਚੋਣ ਪ੍ਰਚਾਰ ਦੌਰਾਨ ਭਾਜਪਾ ਵਲੋਂ ਜੋ ਪੋਸਟਰ ਜਾਰੀ ਕੀਤੇ ਗਏ ਸਨ, ਉਨ੍ਹਾਂ 'ਚ ਇਕ ਪੋਸਟਰ ਇਹ ਵੀ ਸੀ, ਜਿਸ 'ਤੇ ਲਿਖਿਆ ਸੀ, ''ਬਹੁਤ ਹੂਈ ਜਨਤਾ ਪਰ ਪੈਟਰੋਲ-ਡੀਜ਼ਲ ਕੀ ਮਾਰ, ਅਬ ਕੀ ਬਾਰ ਮੋਦੀ ਸਰਕਾਰ।''
ਇਸੇ ਤਰ੍ਹਾਂ 2014 ਵਿਚ ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਸੀ ਕਿ ''ਦੇਸ਼ ਸਾਹਮਣੇ ਜੋ ਰੁਕਾਵਟਾਂ ਹਨ, ਅਸੀਂ ਉਨ੍ਹਾਂ ਨੂੰ ਹਟਾਉਣ ਲਈ ਵਚਨਬੱਧ ਹਾਂ।''
ਪਰ ਪਿਛਲੇ 4 ਸਾਲਾਂ ਵਿਚ ਭਾਜਪਾ ਸਰਕਾਰ ਨੇ ਘੱਟੋ-ਘੱਟ ਇਕ ਦਰਜਨ ਵਾਰ ਤੇਲ 'ਤੇ ਐਕਸਾਈਜ਼ ਡਿਊਟੀ ਵਧਾਈ, ਜਿਸ ਨਾਲ ਇਸ ਨੂੰ ਪੈਟਰੋਲ 'ਤੇ ਕਾਂਗਰਸ ਸਰਕਾਰ ਦੌਰਾਨ 2014 ਵਿਚ ਮਿਲਣ ਵਾਲੀ ਐਕਸਾਈਜ਼ ਡਿਊਟੀ ਦੇ ਮੁਕਾਬਲੇ 10 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੇ ਮੁਕਾਬਲੇ 11 ਰੁਪਏ ਪ੍ਰਤੀ ਲਿਟਰ ਜ਼ਿਆਦਾ ਮਿਲ ਰਹੇ ਹਨ। ਪੈਟਰੋਲ 'ਤੇ ਐਕਸਾਈਜ਼ ਡਿਊਟੀ 'ਚ 105.49 ਫੀਸਦੀ ਅਤੇ ਡੀਜ਼ਲ 'ਚ 240 ਫੀਸਦੀ ਦਾ ਵਾਧਾ ਹੋਇਆ।
ਹੱਦ ਇਹ ਹੈ ਕਿ ਜੂਨ 2017 'ਚ ਤੇਲ ਕੰਪਨੀਆਂ ਵਲੋਂ ਇਸ ਦੀਆਂ ਕੀਮਤਾਂ 'ਚ ਰੋਜ਼ਾਨਾ ਤਬਦੀਲੀ ਦੀ ਪ੍ਰਣਾਲੀ ਲਾਗੂ ਕਰ ਦਿੱਤੀ ਗਈ ਅਤੇ ਇਸ ਤੋਂ ਬਾਅਦ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਉਛਾਲ ਆਉਂਦਾ ਗਿਆ ਅਤੇ ਤੇਲ ਕੰਪਨੀਆਂ ਨੇ ਇਨ੍ਹਾਂ ਦੀ ਕੀਮਤ ਨੂੰ ਹੁਣ ਤਕ ਦੇ ਸਭ ਤੋਂ ਉੱਚੇ ਸਿਖਰ ਤਕ ਪਹੁੰਚਾ ਦਿੱਤਾ ਹੈ। 
ਜ਼ਿਕਰਯੋਗ ਹੈ ਕਿ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਤੇਲ ਦੀਆਂ ਕੀਮਤਾਂ ਲੱਗਭਗ 20 ਦਿਨਾਂ ਤਕ ਨਹੀਂ ਵਧੀਆਂ ਸਨ ਪਰ 12 ਮਈ ਨੂੰ ਕਰਨਾਟਕ ਵਿਚ ਵੋਟਾਂ ਪੈਂਦਿਆਂ ਹੀ ਇਨ੍ਹਾਂ ਦੀਆਂ ਕੀਮਤਾਂ ਵਿਚ ਫਿਰ ਵਾਧਾ ਦੇਖਣ ਨੂੰ ਮਿਲਣ ਲੱਗਾ, ਜੋ ਉਦੋਂ ਤੋਂ ਹੁਣ ਤਕ ਲਗਾਤਾਰ ਜਾਰੀ ਹੈ ਅਤੇ ਪਿਛਲੇ 9 ਦਿਨਾਂ ਵਿਚ ਤੇਲ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲਿਟਰ ਵਧਣ ਤੋਂ ਬਾਅਦ ਇਸ ਸਮੇਂ ਪਿਛਲੇ 5 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਹਨ। 
22 ਮਈ ਨੂੰ ਦਿੱਲੀ ਵਿਚ ਪੈਟਰੋਲ 76.87 ਅਤੇ ਡੀਜ਼ਲ 68.08 ਰੁਪਏ ਪ੍ਰਤੀ ਲਿਟਰ ਅਤੇ ਮੁੰਬਈ ਵਿਚ ਪੈਟਰੋਲ 84.70 ਰੁਪਏ ਅਤੇ ਡੀਜ਼ਲ 72.48 ਰੁਪਏ ਪ੍ਰਤੀ ਲਿਟਰ ਦੇ ਉੱਚ ਪੱਧਰ 'ਤੇ ਪਹੁੰਚ ਗਿਆ। 
ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਨੇ ਜਿਥੇ ਦੇਸ਼ ਦੀ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ ਅਤੇ ਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ ਵਿਰੋਧੀ ਪਾਰਟੀਆਂ ਨੇ ਇਨ੍ਹਾਂ ਵਿਰੁੱਧ ਮੁਜ਼ਾਹਰਿਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ, ਉਥੇ ਹੀ ਆਮ ਲੋਕ ਵੀ ਆਪਣਾ ਬਜਟ ਗੜਬੜਾ ਜਾਣ ਕਾਰਨ ਇਸ ਦੇ ਲਈ ਸਰਕਾਰ ਦੀ ਸਖ਼ਤ ਆਲੋਚਨਾ ਕਰਨ ਲੱਗੇ। 
ਕਾਂਗਰਸ ਦੇ ਬੁਲਾਰੇ ਜਯਵੀਰ ਸ਼ੇਰਗਿੱਲ ਨੇ ਟਵੀਟ ਕੀਤਾ ਕਿ ''ਦੇਸ਼ ਦੀ ਅਰਥ ਵਿਵਸਥਾ ਅਤੇ ਆਮ ਲੋਕਾਂ ਨਾਲ ਮੋਦੀ ਸਰਕਾਰ ਖਿਲਵਾੜ ਕਿਉਂ ਕਰ ਰਹੀ ਹੈ। ਇਹ ਦੇਸ਼ 'ਚ ਪੈਟਰੋਲ ਦੀਆਂ ਸਭ ਤੋਂ ਉੱਚੀਆਂ ਕੀਮਤਾਂ ਹਨ। 
ਜੇ ਪ੍ਰਧਾਨ ਮੰਤਰੀ ਮੋਦੀ ਕਰਨਾਟਕ ਦੀਆਂ ਚੋਣਾਂ ਵਿਚ ਆਪਣੇ ਲਾਭ ਲਈ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਵਾਧੇ 'ਤੇ ਰੋਕ ਲਾ ਸਕਦੇ ਹਨ ਤਾਂ ਲੋਕਾਂ ਦੀ ਭਲਾਈ ਲਈ ਅਜਿਹਾ ਸਾਲ ਭਰ ਕੀਤਾ ਜਾਣਾ ਚਾਹੀਦਾ ਹੈ।''
ਲੋਕ-ਰੋਹ ਅਤੇ ਚੌਪਾਸੜ ਆਲੋਚਨਾ ਨੂੰ ਦੇਖਦਿਆਂ 21 ਮਈ ਨੂੰ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਤੇਲ ਕੰਪਨੀਆਂ ਨਾਲ ਮੀਟਿੰਗਾਂ ਕਰ ਕੇ ਤੇਲ ਦੀਆਂ ਕੀਮਤਾਂ ਘੱਟ ਕਰਵਾਉਣ ਦੀ ਕੋਸ਼ਿਸ਼ ਕਰਨ ਦਾ ਸੰਕੇਤ ਦਿੱਤਾ ਹੈ।
ਉਨ੍ਹਾਂ ਕਿਹਾ, ''ਮੈਂ ਮੰਨਦਾ ਹਾਂ ਕਿ ਦੇਸ਼ ਦੇ ਲੋਕਾਂ ਅਤੇ ਮੁੱਖ ਤੌਰ 'ਤੇ ਦਰਮਿਆਨੇ ਵਰਗ ਦੇ ਲੋਕਾਂ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਬੁਰਾ ਅਸਰ ਪਿਆ ਹੈ। ਭਾਰਤ ਸਰਕਾਰ ਇਸ ਦਾ ਹੱਲ ਕੱਢਣ ਲਈ ਛੇਤੀ ਹੀ ਕੋਈ ਕਦਮ ਚੁੱਕੇਗੀ।''
ਇਸ ਸਬੰਧ ਵਿਚ 22 ਮਈ ਨੂੰ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦੀ ਤੇਲ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਣੀ ਸੀ ਪਰ ਆਖਰੀ ਸਮੇਂ 'ਤੇ ਇਹ ਮੀਟਿੰਗ ਟਲ ਗਈ ਹੈ ਅਤੇ ਹੁਣ ਇਹ 23 ਮਈ ਫਿਰ ਨੂੰ ਹੋਵੇਗੀ।
ਹਾਲਾਂਕਿ ਸਰਕਾਰ ਵਲੋਂ ਇਸ ਸਬੰਧ ਵਿਚ ਕੁਝ ਨਹੀਂ ਕਿਹਾ ਗਿਆ ਹੈ ਪਰ ਇਹ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਸਰਕਾਰ ਪੈਟਰੋਲ-ਡੀਜ਼ਲ ਦੇ ਖਪਤਕਾਰਾਂ ਨੂੰ ਕੋਈ ਖੁਸ਼ਖ਼ਬਰੀ ਦੇ ਸਕਦੀ ਹੈ। ਸਰਕਾਰ ਜਿੰਨੀ ਛੇਤੀ ਖਪਤਕਾਰਾਂ ਨੂੰ ਰਾਹਤ ਦੇਵੇਗੀ, ਇਸ ਦੇ ਲਈ ਓਨਾ ਹੀ ਚੰਗਾ ਹੋਵੇਗਾ।                  —ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra