ਲੋਕ ਤਾਜ਼ੀਆਂ ਸਬਜ਼ੀਆਂ, ਫਲਾਂ ਤੇ ਦੁੱਧ ਨੂੰ ਤਰਸੇ

06/04/2018 5:58:38 AM

ਫਗਵਾੜਾ, (ਜਲੋਟਾ)- ਫਗਵਾੜਾ 'ਚ ਜਾਰੀ ਕਿਸਾਨ ਅੰਦੋਲਨ ਕਾਰਨ ਸਬਜ਼ੀ ਮੰਡੀ 'ਚ ਤਾਜ਼ੀਆਂ ਸਬਜ਼ੀਆਂ, ਦੁੱਧ ਤੇ ਫਲਾਂ ਦੀ ਆਮਦ ਨਾ ਹੋਣ ਕਾਰਨ ਹੁਣ ਇਸ ਦੀ ਮਾਰ ਆਮ ਲੋਕਾਂ 'ਤੇ ਪੈਣੀ ਸ਼ੁਰੂ ਹੋ ਗਈ ਹੈ। ਸ਼ਹਿਰ 'ਚ ਇਕ ਪਾਸੇ ਜਿਥੇ ਸਬਜ਼ੀ ਦੀ ਰੇਹੜੀ ਲਾਉਣ ਵਾਲਿਆਂ ਦੇ ਕੋਲ ਤਾਜ਼ੀ ਸਬਜ਼ੀ ਦਾ ਸਟੌਕ ਲਗਭਗ ਖਤਮ ਹੋ ਚੁੱਕਾ ਹੈ, ਉਥੇ ਜਿਥੇ ਥੋੜ੍ਹੇ-ਬਹੁਤ ਸਬਜ਼ੀ-ਫਲ ਮਿਲ ਰਹੇ ਹਨ ਉਥੇ ਇਸ ਦੇ ਭਾਅ ਆਸਮਾਨ ਨੂੰ ਛੂਹਣ ਲੱਗੇ ਹਨ। ਇਸ ਕਾਰਨ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਅਨੇਕਾਂ ਘਰੇਲੂ ਔਰਤਾਂ ਨੇ ਸਵਾਲ ਕੀਤਾ ਕਿ ਆਖਿਰ ਉਨ੍ਹਾਂ ਦਾ ਕੀ ਕਸੂਰ ਹੈ? ਉਕਤ ਔਰਤਾਂ ਨੇ ਕਿਹਾ ਕਿ ਇਹ ਕਿਥੋਂ ਦਾ ਇਨਸਾਫ ਹੈ ਕਿ ਗਲਤੀਆਂ ਸਰਕਾਰ ਕਰੇ ਤੇ ਇਸ ਦਾ ਖਮਿਆਜ਼ਾ ਲੋਕ ਭੁਗਤਣ। 
ਕੁਝ ਘਰੇਲੂ ਔਰਤਾਂ ਨੇ ਕਿਹਾ ਕਿ ਹੁਣ ਤਾਜ਼ੀਆਂ ਸਬਜ਼ੀਆਂ ਵੀ ਜੇ ਮਹਿੰਗੇ ਭਾਅ 'ਤੇ ਵਿਕਣਗੀਆਂ ਤਾਂ ਘਰ 'ਚ ਕੀ ਬਣਾਵਾਂਗੇ? ਔਰਤਾਂ ਨੇ ਕਿਹਾ ਕਿ ਅੱਜ ਗਰਮੀ ਦੇ ਮੌਸਮ 'ਚ ਜਿਥੇ ਜਨ-ਜੀਵਨ ਪਹਿਲਾਂ ਹੀ ਮੁਸ਼ਕਲਾਂ ਭਰਿਆ ਬਣਿਆ ਹੈ ਉਥੇ ਉਕਤ ਕਿਸਾਨ ਅੰਦੋਲਨ ਕਾਰਨ ਸਬਜ਼ੀਆਂ, ਫਲਾਂ ਤੇ ਦੁੱਧ ਦੀ ਪੈਦਾ ਹੋਈ ਕਿੱਲਤ ਨੇ ਉਨ੍ਹਾਂ ਦਾ ਜੀਵਨ ਨਰਕ ਬਣਾ ਦਿੱਤਾ ਹੈ। ਇਸੇ ਤਰ੍ਹਾਂ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕੁਝ ਰੇਹੜੀ ਵਾਲਿਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਸਵਾਲ ਕੀਤਾ ਕਿ ਜੇ ਅਜਿਹੇ ਹੀ ਹਾਲਾਤ ਰਹੇ ਤਾਂ ਸਾਰੇ ਕਿਸਾਨ ਅੰਦੋਲਨ ਦੌਰਾਨ ਬੇਰੋਜ਼ਗਾਰ ਹੋ ਕੇ ਰਹਿ ਜਾਣਗੇ। ਬੇਹੱਦ ਚਿੰਤਾ ਭਰੇ ਲਹਿਜੇ 'ਚ ਉਕਤ ਰੇਹੜੀ ਵਾਲਿਆਂ ਨੇ ਕਿਹਾ ਕਿ ਕਾਰੋਬਾਰ 'ਚ ਹੋਣ ਵਾਲੇ ਘਾਟੇ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਦੀ ਕਮਰ ਟੁੱਟ ਜਾਵੇਗੀ। ਉਹ ਜੇਕਰ ਤਾਜ਼ੀ ਸਬਜ਼ੀ, ਫਲ ਆਦਿ ਵਿਕਰੀ ਹੀ ਨਹੀਂ ਕਰਨਗੇ ਤਾਂ ਉਹ ਕਿਥੋਂ ਕਮਾਉਣਗੇ ਤੇ ਆਪਣੇ ਬੱਚਿਆਂ ਨੂੰ ਰੋਟੀ ਕਿਥੋਂ ਖਵਾਉਣਗੇ? 
ਇਸ ਬਾਰੇ ਕੁਝ ਦੁਕਾਨਦਾਰਾਂ ਨੇ ਕਿਹਾ ਕਿਸਾਨ ਭਰਾਵਾਂ ਦਾ ਦਰਦ ਸਮਝਦੇ ਹਾਂ ਪਰ ਜੋ ਹੋ ਰਿਹਾ ਹੈ ਉਸ ਨਾਲ ਸਿਰਫ ਆਮ ਜਨਤਾ ਨੂੰ ਪ੍ਰੇਸ਼ਾਨੀ ਹੋਣ ਵਾਲੀ ਹੈ। ਕਿਉਂਕਿ ਸਬਜ਼ੀ, ਫਲ, ਦੁੱਧ ਆਦਿ ਰੋਜ਼ਾਨਾ ਜੀਵਨ ਦਾ ਹਿੱਸਾ ਹਨ, ਜੇਕਰ ਇਨਸਾਨ ਇਨ੍ਹਾਂ ਤੋਂ ਵਾਂਝਾ ਹੋ ਜਾਵੇਗਾ ਤਾਂ ਇਨਸਾਨ ਕਿਵੇਂ ਜੀਵੇਗਾ। ਖਬਰ ਲਿਖੇ ਜਾਣ ਤਕ ਫਗਵਾੜਾ 'ਚ ਇਹ ਤਾਜ਼ੀਆਂ ਸਬਜ਼ੀਆਂ, ਫਲਾਂ ਤੇ ਦੁੱਧ ਦੀ ਭਾਰੀ ਕਿੱਲਤ ਬਣੀ ਹੋਈ ਸੀ ਤੇ ਜਨਤਾ ਪ੍ਰੇਸ਼ਾਨ ਹੈ।