63 ਪਿੰਡਾਂ ''ਚ ਇਕ ਵੀ ਪਟਵਾਰੀ ਨਾ ਹੋਣ ਕਾਰਨ ਲੋਕ ਪਰੇਸ਼ਾਨ
Tuesday, Jun 05, 2018 - 10:11 AM (IST)

ਸਿੱਧਵਾਂ ਬੇਟ (ਚਾਹਲ) : ਸੂਬੇ ਦੀ ਕੈਪਟਨ ਸਰਕਾਰ ਇਕ ਪਾਸੇ ਤਾਂ ਲੋਕਾਂ ਨੂੰ ਘਰ ਦੇ ਨੇੜੇ ਇਕੋ ਛੱਤ ਥੱਲੇ ਅਨੇਕਾਂ ਸਹੂਲਤਾਂ ਦੇਣ ਦਾ ਦਾਅਵਾ ਕਰ ਰਹੀ ਹੈ ਪਰ ਦੂਜੇ ਪਾਸੇ ਲੋਕਾਂ ਨੂੰ ਨਿੱਕੇ-ਨੱਕੇ ਕੰਮ ਕਰਵਾਉਣ ਲਈ ਥਾਂ-ਥਾਂ ਭਟਕਣਾ ਪੈ ਰਿਹਾ ਹੈ। ਭਾਵੇਂ ਹਰ ਵਿਭਾਗ ਵਿਚ ਅਸਾਮੀਆਂ ਦੀ ਕਮੀ ਕਰਕੇ ਗਰੀਬ ਲੋਕ ਖੱਜਲ-ਖੁਆਰ ਹੋ ਰਹੇ ਹਨ ਪਰ ਮਾਲ ਮਹਿਕਮੇ ਵਿਚ ਪਟਵਾਰੀਆਂ ਦੀਆਂ ਅਸਾਮੀਆਂ ਵੱਡੀ ਪੱਧਰ 'ਤੇ ਖਾਲੀ ਹੋਣ ਕਰਕੇ ਬੱਚੇ ਵੀ ਪ੍ਰੇਸ਼ਾਨ ਹੋ ਰਹੇ ਹਨ।
ਜਾਣਕਾਰੀ ਅਨੁਸਾਰ ਸਬ ਤਹਿਸੀਲ ਸਿੱਧਵਾਂ ਬੇਟ ਵਿਚ ਪੈਂਦੇ 63 ਪਿੰਡਾਂ ਲਈ ਇਸ ਸਮੇਂ ਇਕ ਵੀ ਪਟਵਾਰੀ ਕੰਮ ਨਹੀਂ ਕਰ ਰਿਹਾ, ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਸਕੂਲੀ ਬੱਚਿਆਂ ਨੂੰ ਜਾਤੀ ਜਾਂ ਰੂਰਲ ਏਰੀਆ ਸਰਟੀਫਿਕੇਟ ਦੀ ਲੋੜ ਪੈ ਰਹੀ, ਜਿਨ੍ਹਾਂ ਨੂੰ ਪਟਵਾਰੀ ਵਲੋਂ ਹੀ ਤਸਦੀਕ ਕੀਤਾ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸਬ ਤਹਿਸੀਲ ਵਿਚ 30 ਪਟਵਾਰ ਸਰਕਲ ਬਣਾਏ ਗਏ ਹਨ, ਜਿੱਥੇ 2 ਪਟਵਾਰੀ ਹੋਣ ਕਾਰਨ ਉਹ 15-15 ਸਰਕਲ ਵੰਡ ਕੇ ਕੰਮ ਕਰ ਰਹੇ ਸਨ ਪਰ 31 ਮਈ ਨੂੰ ਦੋਨੇਂ ਪਟਵਾਰੀਆਂ ਦੇ ਰਿਟਾਇਰ ਹੋਣ ਕਰਕੇ ਇਹ ਸਬ-ਤਹਿਸੀਲ ਪਟਵਾਰੀਆਂ ਤੋਂ ਸੱਖਣੀ ਹੋ ਗਈ ਹੈ।
ਇਸ ਤੋਂ ਇਲਾਵਾ ਸਬ-ਤਹਿਸੀਲ ਵਿਚ ਤਿੰਨ ਕਾਨੂੰਨਗੋ ਡਿਊਟੀ ਕਰ ਰਹੇ ਪਰ ਉਨ੍ਹਾਂ 'ਚੋਂ ਇਕ ਕਾਨੂੰਨਗੋ ਹਲਕਾ ਲੋਧੀਵਾਲ ਵਿਦੇਸ਼ੀ ਦੌਰੇ 'ਤੇ ਹੈ। ਇਸ ਤੋਂ ਇਲਾਵਾ ਮੁੱਖ ਦਫਤਰ ਵਿਚ ਵੀ ਇਕ ਰੀਡਰ ਅਤੇ ਦਰਜਾ ਚਾਰ ਮੁਲਾਜ਼ਮ ਦੀ ਅਸਾਮੀ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈ ਹੈ।
ਕਾਂਗਰਸ ਪਾਰਟੀ ਦੇ ਜ਼ਿਲਾ ਮੀਤ ਪ੍ਰਧਾਨ ਸੁਰੇਸ਼ ਕੁਮਾਰ ਗਰਗ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਇੱਥੇ ਜਲਦੀ ਤੋਂ ਜਲਦੀ ਪਟਵਾਰੀ ਤਾਇਨਾਤ ਕੀਤੇ ਜਾਣ। ਇਸ ਸਬੰਧੀ ਨਾਇਬ ਤਹਿਸੀਲਦਾਰ ਤਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸਾਰਾ ਮਾਮਲਾ ਲਿਖਤੀ ਰੂਪ 'ਚ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਧਿਆਨ ਵਿਚ ਲਿਆਦਾਂ ਜਾ ਚੁੱਕਾ ਹੈ, ਜਿਨ੍ਹਾਂ ਨੇ ਇਸ ਸਮੱਸਿਆ ਦੇ ਜਲਦੀ ਹੱਲ ਦਾ ਭਰੋਸਾ ਦਿਵਾਇਆ ਹੈ।