ਪਾਕਿ ਨੇ ਈਦ ਦੌਰਾਨ ਭਾਰਤੀ ਫਿਲਮਾਂ ''ਤੇ 2 ਹਫਤੇ ਦੀ ਲੱਗੀ ਪਾਬੰਦੀ ਦੀ ਮਿਆਦ ਘਟਾਈ

06/05/2018 3:40:28 PM

ਕਰਾਚੀ— ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਈਦ ਦੌਰਾਨ ਭਾਰਤੀ ਫਿਲਮਾਂ ਦੇ ਪ੍ਰਦਰਸ਼ਨ 'ਤੇ ਲੱਗੀ ਪਾਬੰਦੀ ਦੀ ਮਿਆਦ ਘਟਾ ਕੇ ਇਸ ਨੂੰ ਇਕ ਹਫਤਾ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਸਲਮਾਨ ਖਾਨ ਦੀ ਅਭਿਨੈ ਫਿਲਮ 'ਰੇਸ 3' ਅਤੇ ਜੀਵਨੀ ਆਧਾਰਿਤ ਫਿਲਮ 'ਸੰਜੂ' ਦੀ ਰਿਲੀਜ਼ਿੰਗ ਦਾ ਰਸਤਾ ਸਾਫ ਹੋ ਗਿਆ ਹੈ। ਮੰਤਰਾਲੇ ਨੇ ਸੋਮਵਾਰ ਨੂੰ ਪਹਿਲਾਂ ਲਏ ਗਏ ਫੈਸਲੇ ਨੂੰ ਪਲਟਦੇ ਹੋਏ ਨਵੀਂ ਸੂਚਨਾ ਜਾਰੀ ਕੀਤੀ ਕਿ ਭਾਰਤੀ ਫਿਲਮਾਂ ਦੇ ਪ੍ਰਦਰਸ਼ਨ 'ਤੇ ਈਦ ਤੋਂ 2 ਦਿਨ ਪਹਿਲਾਂ ਅਤੇ ਛੁੱਟੀਆਂ ਤੋਂ ਬਾਅਦ ਇਕ ਹਫਤਾ ਹੀ ਪਾਬੰਦੀ ਰਹੇਗੀ। ਪਹਿਲਾਂ ਦੀ ਪਾਬੰਦੀ ਵਿਚ ਈਦ ਤੋਂ ਪਹਿਲਾਂ 2 ਦਿਨ ਅਤੇ ਈਦ ਤੋਂ ਬਾਅਦ 2 ਹਫਤੇ ਤੱਕ ਪਾਬੰਦੀ ਸੀ।
ਪਾਕਿਸਤਾਨ ਵਿਚ ਬਾਲੀਵੁੱਡ ਫਿਲਮਾਂ ਖਾਸ ਕਰ ਕੇ ਸਲਮਾਨ ਖਾਨ ਦੀਆਂ ਫਿਲਮਾਂ ਦੇ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਰਹੇ ਹਨ। ਭਾਰਤੀ ਫਿਲਮਾਂ ਦੀ ਰਿਲੀਜ਼ਿੰਗ ਟਾਲਣ ਨੂੰ ਲੈ ਕੇ ਸਥਾਨਕ ਫਿਲਮ ਡਿਸਟਰੀਬਿਊਟਰ 'ਤੇ ਭਾਰੀ ਦਬਾਅ ਰਹਿੰਦਾ ਹੈ, ਕਿਉਂਕਿ ਇਹ ਉਨ੍ਹਾਂ ਦੇ ਕਾਰੋਬਾਰ 'ਤੇ ਅਸਰ ਪਾਉਂਦਾ ਹੈ। ਮੰਤਰਾਲੇ ਨੇ ਕਿਹਾ ਕਿ ਉਸ ਨੇ ਸਥਾਨਕ ਫਿਲਮਾਂ ਦੇ ਪ੍ਰਚਾਰ ਲਈ ਇਹ ਫੈਸਲਾ ਕੀਤਾ। ਮਾਹਿਰਾ ਖਾਨ ਦੀ '7 ਦਿਨ ਮੁਹੱਬਤ' ਅਤੇ ਜਾਵੇਦ ਸ਼ੇਖ ਦੀ 'ਵਜੂਦ' ਈਦ 'ਤੇ ਰਿਲੀਜ਼ ਹੋਣ ਵਾਲੀਆਂ ਹਨ। ਪਾਕਿਸਤਾਨ ਦੇ ਸੈਂਟਰਲ ਬੋਰਡ ਆਫ ਫਿਲਮਜ਼ ਸੈਂਸਰ (ਸੀਬੀਐਫਸੀ) ਦੇ ਪ੍ਰਧਾਨ ਦਾਨਯਾਲ ਗਿਲਾਨੀ ਨੇ ਕਿਹਾ ਕਿ ਸਥਾਨਕ ਫਿਲਮ ਉਦਯੋਗ ਅਤੇ ਪ੍ਰਦਰਸ਼ਨ ਸੁਵਿਧਾਵਾਂ ਦੀ ਅਹਿਮੀਅਤ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਈਦ (ਦੋਵੇਂ ਈਦ-ਉਲ-ਫਿਤਰ ਅਤੇ ਈਦ-ਉਲ-ਅਜਹਾ) ਦੇ ਦਿਨ ਤੋਂ ਸ਼ੁਰੂ ਹੋ ਕੇ ਕੁੱਲ ਇਕ ਹਫਤੇ ਦੀ ਮਿਆਦ ਲਈ ਭਾਰਤੀ ਫਿਲਮਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਏਗਾ। ਪਾਕਿਸਤਾਨ ਫਿਲਮ ਡਿਸਟਰੀਬਿਊਸ਼ਨ ਸੰਘ ਦੇ ਪ੍ਰਧਾਨ ਚੌਧਰੀ ਏਜਾਜ ਕਾਮਰਾਨ ਨੇ ਬਾਲੀਵੁੱਡ ਫਿਲਮਾਂ ਦੇ ਡਿਸਟਰੀਬਿਊਟਰ ਸਮੂਹ 'ਤੇ ਦੇਸ਼ ਦੀਆਂ ਫਿਲਮਾਂ ਦੇ ਕਾਰੋਬਾਰ ਨੂੰ ਕਮਜੋਰ ਕਰਨ ਦਾ ਦੋਸ਼ ਲਗਾਇਆ। ਕਾਮਰਾਨ ਨੇ ਕਿਹਾ, 'ਇਹ ਸਮੂਹ ਹਮੇਸ਼ਾ ਤੋਂ ਤਾਕਤਵਰ ਰਿਹਾ ਹੈ। ਉਹ ਇਹ ਨਹੀਂ ਸਮਝਦੇ ਹਨ ਕਿ ਉਨ੍ਹਾਂ ਦੇ ਦਬਾਅ ਦੇ ਚਲਦੇ ਸਥਾਨਕ ਫਿਲਮਾਂ ਦੀ ਕਮਾਈ ਪ੍ਰਭਾਵਿਤ ਹੁੰਦੀ ਹੈ। ਜਿਨ੍ਹਾਂ ਡਿਸਟਰੀਬਿਊਟਰਾਂ ਨੇ ਪਾਕਿਸਤਾਨੀ ਫਿਲਮਾਂ ਖਰੀਦੀਆਂ ਹਨ ਹੁਣ ਉਨ੍ਹਾਂ ਨੂੰ ਨੁਕਸਾਨ ਚੁੱਕਣਾ ਪਏਗਾ।'