PM ਮੋਦੀ ਦੀ ਅਪੀਲ ''ਤੇ ਸਿਰਫ 4% ਯੂਜ਼ਰਜ਼ ਨੇ ਛੱਡੀ ਐੱਲ.ਪੀ.ਜੀ. ਸਬਸਿਡੀ

05/26/2018 1:52:10 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਕਰੀਬ 4 ਫੀਸਦੀ ਕੁਕਿੰਗ ਗੈਸ ਯੂਜ਼ਰਜ਼ ਨੇ ਹੀ ਐੱਲ.ਪੀ.ਜੀ. ਸਬਸਿਡੀ ਛੱਡੀ ਹੈ। ਐੱਲ.ਪੀ.ਜੀ. ਸਬਸਿਡੀ ਛੱਡਣ ਦੇ ਮਾਮਲੇ 'ਚ ਸਭ ਤੋਂ ਅੱਗੇ ਉੱਤਰੀ-ਪੂਰਬੀ ਸੂਬੇ ਆ ਰਹੇ ਹਨ। ਮਿਜ਼ੋਰਮ ਵਿਚ 14%, 12% ਨਾਗਾਲੈਂਡ ਅਤੇ ਮਣੀਪੁਰ 'ਚ 10% ਯੂਜ਼ਰਜ਼ ਨੇ ਐੱਲ.ਪੀ.ਜੀ. ਸਬਸਿਡੀ ਛੱਡੀ ਹੈ। ਇਸ ਖੇਤਰ ਦੇ ਬਾਹਰ ਜੇਕਰ ਕਿਸੇ ਹੋਰ ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੀ ਗੱਲ ਕਰੀਏ ਜਿਨ੍ਹਾਂ ਨੇ 10 ਫੀਸਦੀ ਦਾ ਅੰਕੜਾ ਪਾਰ ਕੀਤਾ ਹੈ ਤਾਂ ਉਹ ਹੈ ਦਿੱਲੀ, ਜਿਸ ਵਿਚੋਂ 12 ਫੀਸਦੀ ਐੱਲ.ਪੀ.ਜੀ. ਯੂਜ਼ਰਜ਼ ਨੇ ਸਬਸਿਡੀ ਛੱਡੀ ਹੈ।
ਇਨ੍ਹਾਂ ਸੂਬਿਆਂ ਨੇ ਛੱਡੀ ਸਬਸਿਡੀ
ਜ਼ਿਕਰਯੋਗ ਹੈ ਕਿ ਮਾਰਚ 2015 'ਚ ਪ੍ਰਧਾਨ ਮੰਤਰੀ ਮੋਦੀ ਨੇ ਸਮਾਜ ਦੇ ਅਮੀਰ ਤਬਕੇ ਦੇ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਐੱਲ.ਪੀ.ਜੀ. ਸਬਸਿਡੀ ਛੱਡਣ ਦੀ ਅਪੀਲ ਕੀਤੀ ਸੀ। ਉਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਇਸ ਨਾਲ ਸਰਕਾਰ ਨੂੰ ਹੋਰ ਵਧ ਗਰੀਬਾਂ ਤੱਕ ਫਾਇਦਾ ਪਹੁੰਚਾਉਣ 'ਚ ਸਹਾਇਤਾ ਮਿਲੇਗੀ। ਭਾਰਤ ਦੇ ਵੱਡੇ ਸੂਬਿਆਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਵਿਚ ਐੱਲ.ਪੀ.ਜੀ. ਸਬਸਿਡੀ ਛੱਡਣ ਵਾਲੇ 6 ਫੀਸਦੀ ਉਪਭੋਗਤਾ ਹਨ। ਇਸ ਤੋਂ ਇਲਾਵਾ ਹੋਰ ਵੱਡੇ ਸੂਬਿਆਂ(ਕਰਨਾਟਕ, ਹਰਿਆਣਾ,ਰਾਜਸਥਾਨ, ਉਤਰਾਖੰਡ ਅਤੇ ਪੰਜਾਬ) ਵਿਚ ਇਹ ਅੰਕੜਾ 5 ਫੀਸਦੀ ਦਾ ਹੈ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਇਹ ਅੰਕੜਾ 4 ਫੀਸਦੀ ਤੱਕ ਹੀ ਸੀਮਤ ਹੈ।
ਇਸ ਤੋਂ ਇਲਾਵਾ ਬਿਹਾਰ, ਛੱਤੀਸਗੜ੍ਹ ਅਤੇ ਤਾਮਿਲਨਾਡੂ 'ਚ 3 ਫੀਸਦੀ ਉਪਭੋਗਤਾਵਾਂ ਨੇ ਐੱਲ.ਪੀ.ਜੀ. ਸਬਸਿਡੀ ਛੱਡੀ ਹੈ। ਪੱਛਮੀ ਬੰਗਾਲ ਵਿਚ ਇਹ ਅੰਕੜਾਂ 2 ਫੀਸਦੀ ਅਤੇ ਆਂਧਰਾ ਪ੍ਰਦੇਸ਼ 'ਚ ਐੱਲ.ਪੀ.ਜੀ. ਸਬਸਿਡੀ ਛੱਡਣ ਦਾ ਅੰਕੜਾ 1 ਫੀਸਦੀ ਤੋਂ ਵੀ ਘੱਟ ਹੈ। ਹੋਰ ਤਾਂ ਹੋਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਵਿਚ ਵੀ ਸਿਰਫ 4 ਫੀਸਦੀ ਐੱਲ.ਪੀ.ਜੀ. ਯੂਜ਼ਰਜ਼ ਨੇ ਸਬਸਿਡੀ ਛੱਡੀ ਹੈ।