ਨਾਈਜੀਰੀਅਨ ਫੌਜ ਨੇ ਔਰਤਾਂ ਨੂੰ ਪਹਿਲਾਂ ਅੱਤਵਾਦੀਆਂ ਤੋਂ ਬਚਾਇਆ ਫਿਰ ਕੀਤਾ ਰੇਪ : ਰਿਪੋਰਟ

05/25/2018 9:08:28 PM

ਅਬੂਜਾ— ਨਾਈਜੀਰੀਆ ਦੀ ਫੌਜ 'ਤੇ ਅੱਤਵਾਦੀ ਸੰਗਠਨ ਬੋਕੋ ਹਰਾਮ ਦੇ ਕਬਜ਼ੇ ਤੋਂ ਬਚਾਈਆਂ ਗਈਆਂ ਔਰਤਾਂ ਨਾਲ ਰੇਪ ਕਰਨ ਦੇ ਦੋਸ਼ ਲੱਗੇ ਹਨ। ਇਹ ਦੋਸ਼ ਮਨੁੱਖੀ ਅਧਿਕਾਰ ਲਈ ਕੰਮ ਕਰਨ ਵਾਲੇ ਸੰਗਠਨ ਐਮਨੇਸਟੀ ਇੰਟਰਨੈਸਨਲ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ 'ਚ ਲਗਾਏ ਗਏ ਹਨ। ਇਸ ਰਿਪੋਰਟ 'ਚ ਨਾਈਜੀਰੀਆਈ ਫੌਜ 'ਤੇ ਆਪਣੇ ਦੇਸ਼ ਦੇ ਆਮ ਨਾਗਰਿਕਾਂ 'ਤੇ ਗੋਲੀ ਚਲਾਉਣ ਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਲਾਉਣ ਦੇ ਦੋਸ਼ ਵੀ ਲੱਗੇ ਹਨ।
ਐਮਨੇਸਟੀ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਬੋਕੋ ਹਰਾਮ ਨਾਲ ਲੜਨ ਦੌਰਾਨ ਨਾਈਜੀਰੀਆਈ ਫੌਜ ਤੇ ਉਸ ਦਾ ਸਾਥ ਦੇਣ ਵਾਲੇ ਨਾਗਰਿਕ ਫੌਜ ਦੇ ਮੈਂਬਰਾਂ ਨੇ ਪਹਿਲਾਂ ਤਾਂ ਬੋਕੋ ਹਰਾਮ ਦੇ ਕਬਜ਼ੇ ਤੋਂ ਔਰਤਾਂ ਨੂੰ ਰਿਹਾਅ ਕਰਵਾਇਆ ਤੇ ਫਿਰ ਉਨ੍ਹਾਂ ਨਾਲ ਰੇਪ ਕੀਤਾ। ਇਸ ਬਾਰੇ 'ਚ ਐਮਨੇਸਟੀ ਇੰਟਰਨੈਸ਼ਨਲ ਨਾਈਜੀਰੀਆ ਦੀ ਡਾਇਰੈਕਟਰ ਓਸਾਈ ਓਜਿਗੋ ਨੇ ਕਿਹਾ, 'ਕਾਫੀ ਹੈਰਾਨ ਕਰਨ ਵਾਲਾ ਹੈ ਕਿ ਬੋਕੋ ਹਰਾਮ ਤੋਂ ਕਾਫੀ ਕੁਝ ਝੱਲਣ ਵਾਲੇ ਲੋਕਾਂ 'ਤੇ ਨਾਈਜੀਰੀਆ ਦੀ ਫੌਜ ਨੇ ਵੀ ਉਤਪੀੜਣ ਕੀਤਾ।'
ਤੁਹਾਨੂੰ ਦੱਸ ਦਈਏ ਕਿ ਬੋਕੋ ਹਰਾਮ ਨਾਲ ਲੜਣ ਦੌਰਾਨ ਨਾਈਜੀਰੀਆ ਦੀ ਫੌਜ 'ਤੇ ਪਹਿਲਾਂ ਵੀ ਮਨੁੱਖੀ ਅਧਿਕਾਰ ਉਲੰਘਣ ਦੇ ਦੋਸ਼ ਲੱਗ ਚੁੱਕੇ ਹਨ। ਅਜਿਹੇ ਦੋਸ਼ ਸਬ ਤੋਂ ਜ਼ਿਆਦਾ ਨਾਈਜੀਰੀਆ ਦੇ ਉੱਤਰ-ਪੂਰਬੀ ਹਿੱਸੇ 'ਚ ਲੱਗੇ, ਜਿਥੇ ਬੋਕੋ ਹਰਾਮ ਦੇ ਅੱਤਵਾਦੀਆਂ ਨੇ ਕਰੀਬ ਇਕ ਦਹਾਕੇ ਤਕ ਆਮ ਲੋਕਾਂ 'ਤੇ ਹਿੰਸਕ ਹਮਲੇ ਕੀਤੇ।