ਸਿੱਧੂ ਮਜੀਠੀਏ ਵਿਰੁੱਧ ਕਰ ਰਿਹੈ ਕੂੜ ਪ੍ਰਚਾਰ : ਯੂਥ ਅਕਾਲੀ ਦਲ

05/26/2018 3:12:53 AM

ਮਾਨਸਾ(ਜੱਸਲ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਲਾਏ ਨਸ਼ੇ ਦੇ ਦੋਸ਼ਾਂ ਦਾ ਸਖਤ ਨੋਟਿਸ ਲੈਂਦਿਆਂ ਯੂਥ ਅਕਾਲੀ ਦਲ ਜ਼ਿਲਾ ਮਾਨਸਾ ਦੇ ਪ੍ਰਧਾਨ ਅਵਤਾਰ ਸਿੰਘ ਰਾੜਾ ਅਤੇ ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਜਨਰਲ ਸਕੱਤਰ ਰਘੁਵੀਰ ਸਿੰਘ ਮਾਨਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਧੂ ਸਸਤੀਆਂ ਸੋਹਰਤਾਂ ਹਾਸਲ ਕਰਨ ਲਈ ਮਜੀਠੀਆ ਵਿਰੁੱਧ ਕੁੜ ਪ੍ਰਚਾਰ ਕਰ ਰਿਹਾ ਹੈ। ਸਿੱਧੂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ 'ਆਪ'  ਦੀ ਮਿਲੀਭੁਗਤ ਤਹਿਤ ਮਜੀਠੀਆ ਵਿਰੁੱਧ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਲਈ ਕੂੜ ਪ੍ਰਚਾਰ ਕੀਤਾ ਸੀ ਪਰ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਸ਼ਬਦਾਂ 'ਚ ਕਹਿ ਦਿੱਤਾ ਸੀ ਕਿ ਮਜੀਠੀਆ ਵਿਰੁੱਧ ਕੋਈ ਵੀ ਸਬੂਤ ਨਹੀਂ ਹਨ ਪਰ ਦੂਸਰੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਜੀਠੀਆ ਵੱਲੋਂ ਕੀਤੇ ਮਾਣਹਾਨੀ ਕੇਸ ਦਾ ਸਾਹਮਣਾ ਕਰਦਿਆਂ  ਮੁਆਫੀ ਮੰਗ ਕੇ ਖਹਿੜਾ ਛੁਡਾਇਆ ਗਿਆ ਹੈ ਪਰ ਸਿੱਧੂ ਅੱਜ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਸੋਨੀਆ ਗਾਂਧੀ ਨੂੰ ਖੁਸ਼ ਕਰਨ ਲਈ ਕਰ ਰਿਹਾ ਹੈ। ਇਸ ਮੌਕੇ ਹਰਮਨਜੀਤ ਸਿੰਘ ਭੰਮਾ, ਐੱਸ. ਸੀ. ਵਿੰਗ ਜ਼ਿਲਾ ਮਾਨਸਾ ਦੇ ਪ੍ਰਧਾਨ ਰੰਗੀ ਖਾਰਾ, ਜ਼ਿਲਾ ਮੀਤ ਪ੍ਰਧਾਨ ਰਾਜ ਪੇਂਟਰ, ਯੂਥ ਵਿੰਗ ਦੇ ਜ਼ਿਲਾ ਸੀਨੀਅਰੀ ਮੀਤ ਪ੍ਰਧਾਨ ਗੁਰਨਾਮ ਸਿੰਘ ਕੋਟੜਾ, ਮਾਨਸਾ ਸ਼ਹਿਰ ਦੇ ਸੀਨੀਅਰੀ ਯੂਥ ਆਗੂ ਹਰਬੰਸ ਸਿੰਘ ਗੋਲੂ, ਅਮਰੀਕ ਸਿੰਘ ਭੋਲਾ, ਗੁਰਵਿੰਦਰ ਸਿੰਘ ਤਲਵੰਡੀ ਅਕਲੀਆ, ਜਸਪਾਲ ਸਿੰਘ ਜੱਗ, ਸੋਹਣਾ ਸਿੰਘ ਕਲੀਪੁਰ, ਬਿੰਦਰ ਸਿੰਘ ਮੌਜੂਦ ਸਨ।