ਮੋਗਾ : ਅਣਖ ਖਾਤਰ ਪਿਤਾ ਨੇ ਪੁੱਤਰਾਂ ਨਾਲ ਰਲ ਕੇ ਕੀਤੀ ਧੀ ਦੀ ਹੱਤਿਆ

05/20/2018 6:09:50 AM

ਮੋਗਾ(ਆਜ਼ਾਦ)-ਜ਼ਿਲੇ ਦੇ ਪਿੰਡ ਨੂਰਪੁਰ ਹਕੀਮਾਂ ਵਿਖੇ ਪਿਤਾ ਵੱਲੋਂ ਆਪਣੇ ਪੁੱਤਰਾਂ ਤੇ ਹੋਰਨਾਂ ਨਾਲ ਮਿਲੀਭੁਗਤ ਕਰ ਕੇ ਅਣਖ ਖਾਤਰ ਆਪਣੀ ਹੀ ਬੇਟੀ ਦੀ ਬੇਰਹਿਮੀ ਨਾਲ ਹੱਤਿਆ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਦੀ ਤਲਾਸ਼ ਆਰੰਭ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਆਈ. ਵਜ਼ੀਰ ਸਿੰਘ ਖਹਿਰਾ ਨੇ ਦੱਸਿਆ ਕਿ 24 ਮਈ, 2017 ਨੂੰ ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਨੂਰਪੂਰ ਹਕੀਮਾਂ ਨਿਵਾਸੀ ਸਵਰਨ ਸਿੰਘ ਨੇ ਥਾਣਾ ਧਰਮਕੋਟ 'ਚ ਆਪਣੀ 16-17 ਸਾਲਾ ਬੇਟੀ ਦੀ ਗੁੰਮਸ਼ੁਦਗੀ ਹੋਣ ਬਾਰੇ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦੀ ਬੇਟੀ ਸਿਲਾਈ ਸੈਂਟਰ ਧਰਮਕੋਟ ਜਾਂਦੀ ਸੀ ਪਰ ਅੱਜ ਉਹ ਸਿਲਾਈ ਸੈਂਟਰ ਤੋਂ ਵਾਪਸ ਘਰ ਨਹੀਂ ਆਈ। ਅਸੀਂ ਉਸ ਦੀ ਬਹੁਤ ਤਲਾਸ਼ ਕੀਤੀ ਪਰ ਸਾਨੂੰ ਕੋਈ ਸੁਰਾਗ ਨਹੀਂ ਮਿਲ ਸਕਿਆ। ਉਨ੍ਹਾਂ ਪੁਲਸ ਕੋਲ ਆਪਣੀ ਬੇਟੀ ਨੂੰ ਲੱਭਣ ਲਈ ਗੁਹਾਰ ਵੀ ਲਾਈ ਸੀ। ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੋਗਾ ਪੁਲਸ ਲਾਪਤਾ ਹੋਈ ਨਾਬਾਲਗ ਲੜਕੀ ਦੀ ਤਲਾਸ਼ 'ਚ ਲੱਗ ਗਈ ਤਾਂ ਜੋ ਉਸ ਦਾ ਕੋਈ ਸੁਰਾਗ ਮਿਲ ਸਕੇ। ਖਹਿਰਾ ਨੇ ਦੱਸਿਆ ਕਿ ਬੀਤੀ 18 ਮਈ ਨੂੰ ਜਦੋਂ ਸੀ. ਆਈ. ਏ. ਅਤੇ ਸਪੈਸ਼ਲ ਸੈੱਲ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਪੁਲਸ ਪਾਰਟੀ ਸਮੇਤ ਧਰਮਕੋਟ ਨੇੜੇ ਲੋਹਗੜ੍ਹ ਚੌਕ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਕਿਸੇ ਖਾਸ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਪਿੰਡ ਨੂਰਪੁਰ ਹਕੀਮਾਂ ਦੀ ਗੁੰਮ ਦੱਸੀ ਜਾ ਰਹੀ ਨਾਬਾਲਗ ਲੜਕੀ ਨੂੰ ਉਸ ਦੇ ਪਿਤਾ ਅਤੇ ਦੂਜੇ ਪਰਿਵਾਰਕ ਮੈਂਬਰਾਂ ਨੇ ਹੋਰਨਾਂ ਨਾਲ ਮਿਲ ਕੇ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਲੜਕੀ ਦੇ ਕਿਸੇ ਲੜਕੇ ਨਾਲ ਕਥਿਤ ਪ੍ਰੇਮ ਸਬੰਧ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਧਰਮਕੋਟ ਵੱਲੋਂ ਲੜਕੀ ਦੇ ਪਿਤਾ ਸਵਰਨ ਸਿੰਘ, ਭਰਾ ਪਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਲਾਡੀ ਅਤੇ ਲਾਡੀ ਦੀ ਪਤਨੀ ਸਾਰੇ ਨਿਵਾਸੀ ਨੂਰਪੁਰ ਹਕੀਮਾਂ ਦੇ ਇਲਾਵਾ ਕੁੱਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਇਸ ਮਾਮਲੇ ਦੀ ਜਾਂਚ ਕਰ ਰਹੇ ਸੀ. ਆਈ. ਏ. ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੇ ਲੁਕਣ ਵਾਲੇ ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।