5 ਸਾਲਾਂ ਤੋਂ ਇਰਾਕ ''ਚ ਲਾਪਤਾ ਹੈ ਇਕ ਹੋਰ ਪੰਜਾਬੀ ਨੌਜਵਾਨ, ਰੋਂਦੀ ਮਾਂ ਨੇ ਵਾਪਸ ਲਿਆਉਣ ਦੀ ਲਗਾਈ ਗੁਹਾਰ

04/26/2018 6:49:51 PM

ਨੰਗਲ— ਮਾਂ-ਬਾਪ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਆਪਣੇ ਪੁੱਤਾਂ ਨੂੰ ਵਿਦੇਸ਼ ਦੀ ਧਰਤੀ 'ਤੇ ਚੰਗੇ ਭਵਿੱਖ ਦੀ ਖਾਤਿਰ ਭੇਜਦੇ ਹਨ ਪਰ ਜਦੋਂ ਉਥੇ ਜਾ ਕੇ ਕੋਈ ਲਾਪਤਾ ਹੋ ਜਾਂਦਾ ਹੈ ਤਾਂ ਬੇਹੱਦ ਦੁਖ ਲੱਗਦਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਨੰਗਲ 'ਚੋਂ ਸਾਹਮਣੇ ਆਇਆ ਹੈ, ਜਿੱਥੋਂ ਇਕ ਪਰਿਵਾਰ ਦਾ ਪੁੱਤ 5 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਖਾਤਿਰ ਇਰਾਕ ਦੇ ਮੋਸੂਲ 'ਚ ਗਿਆ ਸੀ ਅਤੇ 6 ਮਹੀਨਿਆਂ ਤੱਕ ਤਾਂ ਉਸ ਦੇ ਫੋਨ ਆਉਂਦੇ ਰਹੇ ਪਰ ਫਿਰ ਫੋਨ ਵੀ ਬੰਦ ਹੋ ਗਏ। ਇਸ ਤੋਂ ਬਾਅਦ ਉਸ ਦੀ ਕੋਈ ਖਬਰ ਤੱਕ ਨਹੀਂ ਮਿਲੀ। 


ਨੰਗਲ ਦੇ ਪਿੰਡ ਭਲਾਨ ਦਾ ਸੁਧੀਰ ਕਸ਼ਯਪ ਪੈਸਾ ਕਮਾਉਣ ਲਈ ਸਾਲ 2013 'ਚ ਚੰਡੀਗੜ੍ਹ ਦੇ ਇਕ ਏਜੰਟ ਵੱਲੋਂ ਇਰਾਕ ਗਿਆ ਸੀ ਪਰ ਅੱਜ ਤੱਕ ਉਹ ਵਾਪਸ ਨਹੀਂ ਪਰਤਿਆ ਹੈ। ਇਰਾਕ ਜਾਣ ਦੇ 6 ਮਹੀਨੇ ਬਾਅਦ ਤੱਕ ਤਾਂ ਉਸ ਨੇ ਫੋਨ ਆਉਂਦੇ ਰਹੇ ਪਰ ਫਿਰ ਫੋਨ ਵੀ ਆਉਣੇ ਬੰਦ ਹੋ ਗਏ ਅਤੇ ਉਸ ਨਾਲ ਪਰਿਵਾਰ ਦਾ ਕੋਈ ਸੰਪਰਕ ਨਹੀਂ ਹੋਇਆ। ਪਰਿਵਾਰ ਦਾ ਦੋਸ਼ ਹੈ ਕਿ ਏਜੰਟ ਇਸ ਗੱਲ ਤੋਂ ਵੀ ਮੁਕਰ ਗਿਆ ਤਾਂ ਉਸ ਨੇ ਸੁਧੀਰ ਨੂੰ ਇਰਾਕ ਭੇਜਿਆ ਸੀ। ਅੱਖਾਂ 'ਚ ਹੰਝੂ ਅਤੇ ਹੱਥਾਂ 'ਚ ਪੁੱਤ ਦੀ ਤਸਵੀਰ ਨੂੰ ਫੜ ਕੇ ਮਾਂ ਨੇ ਆਪਣੇ ਬੇਟੇ ਨੂੰ ਇਰਾਕ ਤੋਂ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ। ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਈ-ਮੇਲ ਅਤੇ ਪੱਤਰ ਦੇ ਜ਼ਰੀਏ ਮਦਦ ਦੀ ਗੁਹਾਰ ਲਗਾਈ ਸੀ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। 
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀ ਮੌਤ ਦੀ ਖਬਰ ਆਈ ਤਾਂ ਪਰਿਵਾਰ ਦਾ ਦਿਲ ਬੈਠ ਗਿਆ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਦੇ ਬੇਟੇ ਨਾਲ ਵੀ ਕੋਈ ਅਣਹੋਣੀ ਨਾ ਵਾਪਰ ਗਈ ਹੋਵੇ। ਪਰਿਵਾਰ ਨੇ ਪੰਜਾਬ ਅਤੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਜਲਦੀ ਹੀ ਉਨ੍ਹਾਂ ਦੇ ਪੁੱਤ ਨੂੰ ਲੱਭ ਕੇ ਵਾਪਸ ਲਿਆਂਦਾ ਜਾਵੇ।