ਮੈਸੀ ਆਪਣੇ ਨਾਮ ਦਾ ਕਰਵਾਉਣਗੇ ''ਟ੍ਰੇਡਮਾਰਕ''

04/26/2018 5:28:56 PM

ਬ੍ਰਸੇਲਸ (ਬਿਊਰੋ)— ਅਰਜਨਟੀਨਾ ਅਤੇ ਦੁਨੀਆ ਦੇ ਸਟਾਰ ਫੁੱਟਬਾਲਰ ਲਿਓਨੇਲ ਮੈਸੀ ਆਪਣੇ ਆਪ 'ਚ ਇਕ ਬ੍ਰਾਂਡ ਬਣ ਚੁੱਕੇ ਹਨ ਅਤੇ ਹੁਣ ਉਹ ਖੇਡਾਂ ਦੇ ਸਮਾਨ ਅਤੇ ਕਪੜਿਆਂ ਦੇ ਲਈ ਆਪਣੇ ਨਾਂ ਦਾ ਟ੍ਰੇਡਮਾਰਕ ਰਜਿਸਟਰ ਵੀ ਕਰਾ ਸਕਣਗੇ। ਯੂਰਪੀਅਨ ਯੂਨੀਅਨ ਦੀ ਸਰਵਉੱਚ ਅਦਾਲਤ ਨੇ ਵੀਰਵਾਰ ਨੂੰ ਕਿਹਾ ਕਿ ਅਰਜਨਟੀਨਾ ਦੇ ਖਿਡਾਰੀ ਮੈਸੀ ਬਹੁਤ ਹੀ ਲੋਕਪ੍ਰਿਯ ਹੈ ਅਤੇ ਉਨ੍ਹਾਂ ਨੂੰ ਕੋਈ ਵੀ ਪਛਾਣ ਸਕਦਾ ਹੈ। ਅਜਿਹੇ 'ਚ ਉਹ ਆਪਣੇ ਨਾਂ ਦਾ ਟ੍ਰੇਡਮਾਰਕ ਰਜਿਸਟਰ ਕਰਾ ਸਕਦੇ ਹਨ। 

ਸਪੇਨ ਦੀ ਸਾਈਕਲ ਬਣਾਉਣ ਵਾਲੀ ਕੰਪਨੀ ਮਾਸੀ ਅਤੇ ਫੁੱਟਬਾਲ ਮੈਸੀ ਦੇ ਨਾਂ ਦੇ ਅਖਰਾਂ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਸਪੈਨਿਸ਼ ਕੰਪਨੀ ਦੇ ਨਾਂ ਦੇ ਅਖਰ 'ਚ ਅੰਗਰੇਜ਼ੀ ਦੇ ਈ ਅਖਰ ਦੀ ਜਗ੍ਹਾ ਏ ਦਾ ਇਸਤਮਾਲ ਹੁੰਦਾ ਹੈ ਜਦਕਿ ਖਿਡਾਰੀ ਮੈਸੀ ਆਪਣੇ ਨਾਂ 'ਚ ਈ ਦਾ ਉਪਯੋਗ ਕਰਦੇ ਹਨ। ਪਰ ਦੇਖਣ 'ਚ ਇਹ ਦੋਵੇਂ ਹੀ ਨਾਮ ਇਕੋ ਜਿਹੇ ਲਗਦੇ ਹਨ। ਇਸ ਤੋਂ ਬਾਅਦ ਸਪੈਨਿਸ਼ ਕੰਪਨੀ ਨੇ ਇਸ ਮਾਮਲੇ ਨੂੰ ਯੂਰਪੀ ਯੂਨੀਅਨ ਦੀ ਅਦਾਲਤ 'ਚ ਉਠਾਇਆ ਸੀ।

ਕੰਪਨੀ ਨੇ ਯੂਰਪੀ ਯਨੀਅਨ ਈ.ਯੂ. ਬੌਧਿਕ ਸੰਪਦਾ ਦਫਤਰ (ਈ.ਯੂ.ਆਈ.ਪੀ.ਓ.) ਅਦਾਲਤ 'ਚ ਇਸ ਦੀ ਸ਼ਿਕਾਇਤ ਕੀਤੀ ਸੀ। ਈ.ਯੂ.ਆਈ.ਪੀ.ਓ. ਨੇ ਕਿਹਾ ਕਿ ਮੈਸੀ ਅਤੇ ਮਾਸੀ ਦੋਹਾਂ ਅਖਰਾਂ ਦੇ ਲਿਹਾਜ਼ ਨਾਲ ਦੇਖਣ 'ਚ ਇਕੋ ਜਿਹੇ ਲਗਦੇ ਹਨ ਅਤੇ ਕੁਝ ਲੋਕਾਂ ਨੂੰ ਇਸ ਨੂੰ ਪਛਾਨਣ 'ਚ ਗਲਤੀ ਹੋ ਸਕਦੀ ਹੈ। ਹਾਲਾਂਕਿ ਯੂਰਪੀ ਯੂਨੀਅਨ ਦੀ ਆਮ ਅਦਾਲਤ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਸੀ ਬਹੁਤ ਹੀ ਲੋਕਪ੍ਰਿਯ ਹੈ ਅਤੇ ਮੈਸੀ ਨੂੰ ਲੋਕ ਟੀ.ਵੀ. 'ਤੇ ਲਗਾਤਾਰ ਦੇਖਦੇ ਹਨ ਅਤੇ ਸੌਖਿਆਂ ਹੀ ਪਛਾਣ ਸਕਦੇ ਹਨ।

ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲਰ ਮੰਨੇ ਜਾਣ ਵਾਲੇ 30 ਸਾਲਾ ਮੈਸੀ ਨੇ ਪਿਛਲੇ ਮਹੀਨੇ ਆਪਣੇ ਕਰੀਅਰ ਦੇ 600 ਗੋਲ ਪੂਰੇ ਕੀਤੇ ਹਨ ਅਤੇ ਆਲ ਟਾਈਮ ਲਿਸਟ 'ਚ ਉਹ ਬਾਰਸੀਲੋਨਾ ਅਤੇ ਅਰਜਨਟੀਨਾ ਰਾਸ਼ਟਰੀ ਟੀਮ ਦੋਹਾਂ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀਆਂ 'ਚ ਚੋਟੀ 'ਤੇ ਪਹੁੰਚ ਗਏ ਹਨ। ਅਦਾਲਤ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੁਝ ਲੋਕ ਮੈਸੀ ਨੂੰ ਨਾ ਪਛਾਨਣ ਪਰ ਜਦੋਂ ਉਹ ਕਿਸੇ ਕੰਪਨੀ ਦੇ ਉਤਪਾਦਾਂ ਨੂੰ ਖਰੀਦਣਗੇ ਤਾਂ ਇਸ ਤਰ੍ਹਾਂ ਦੀ ਦੁਵਿਧਾ ਨਹੀਂ ਹੋ ਸਕਦੀ। ਸਪੈਨਿਸ਼ ਕੰਪਨੀ ਮੈਸੀ ਦੇ ਇਸ ਮਾਮਲੇ 'ਚ ਯੂਰਪੀਅਨ ਯੂਨੀਅਨ ਦੀ ਨਿਆਂਇਕ ਅਦਾਲਤ 'ਚ ਵੀ ਅਪੀਲ ਕਰ ਸਕਦੀ ਹੈ।