ਵਿਦਿਆਰਥੀਆਂ ਦੀ ਸਟ੍ਰੀਮ ਚੁਆਇਸ ਮੁਤਾਬਕ ਤਿਆਰ ਹੋ ਸਕਦੈ ਗਣਿਤ ਦਾ ਸਿਲੇਬਸ

06/02/2018 5:31:14 AM

ਲੁਧਿਆਣਾ(ਵਿੱਕੀ)–ਜੇਕਰ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਨੇ ਸੀ. ਬੀ. ਐੱਸ. ਈ. ਦੇ ਸੁਝਾਅ 'ਤੇ ਅਮਲ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਗਣਿਤ ਨੂੰ ਪਹਾੜ ਸਮਝਣ ਵਾਲੇ ਵਿਦਿਆਰਥੀਆਂ ਨੂੰ ਇਸ ਦਾ ਬਦਲ ਮਿਲ ਸਕਦਾ ਹੈ ਕਿਉਂਕਿ ਸੀ. ਬੀ. ਐੱਸ. ਈ. ਨੇ ਗਣਿਤ ਨੂੰ ਲੈ ਕੇ ਇਕ ਇਸ ਤਰ੍ਹਾਂ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ਨਾਲ ਉਕਤ ਵਿਸ਼ਾ ਦੋ ਭਾਗਾਂ ਵਿਚ ਤਕਸੀਮ ਹੋ ਜਾਵੇਗਾ।
ਯੋਜਨਾ ਮੁਤਾਬਕ ਜਿਨ੍ਹਾਂ ਵਿਦਿਆਰਥੀਆਂ ਨੇ ਭਵਿੱਖ ਵਿਚ ਨਾਨ-ਮੈਡੀਕਲ ਦੇ ਖੇਤਰਾਂ ਵਿਚ ਜਾਣਾ ਹੈ। ਉਨ੍ਹਾਂ ਲਈ ਉਸ ਮੁਤਾਬਕ ਸਿਲੇਬਸ ਤਿਆਰ ਹੋਵੇਗਾ, ਜਦੋਂਕਿ ਜਿਨ੍ਹਾਂ ਵਿਦਿਆਰਥੀਆਂ ਨੇ 11ਵੀਂ ਤੋਂ ਮੈਡੀਕਲ ਦੇ ਖੇਤਰ ਵਿਚ ਜਾਣਾ ਹੈ, ਉਨ੍ਹਾਂ ਲਈ ਇਸ ਦਾ ਵੱਖਰਾ ਸਿਲੇਬਸ ਬਣਾਇਆ ਜਾਵੇਗਾ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਿਕ ਫੈਸਲਾ ਨਹੀਂ ਹੋਇਆ ਹੈ ਪਰ ਬੋਰਡ ਨੇ ਗਣਿਤ ਵਿਸ਼ੇ ਨੂੰ ਸਰਲ ਬਣਾਉਣ ਅਤੇ ਵਿਦਿਆਰਥੀਆਂ ਦੇ ਮਨ 'ਚੋਂ ਇਸ ਦਾ ਡਰ ਕੱਢਣ ਲਈ ਦੇਸ਼ ਭਰ ਦੇ ਸਕੂਲ ਪਿੰ੍ਰਸੀਪਲਾਂ, ਅਧਿਆਪਕਾਂ ਅਤੇ ਸਿੱਖਿਆ ਵਿਦਵਾਨਾਂ ਤੋਂ ਸੁਝਾਅ ਮੰਗੇ ਸਨ। ਫੀਡਬੈਕ 'ਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇੰਜੀਨੀਅਰਿੰਗ ਜਾਂ ਗਣਿਤ ਨਾਲ ਸਬੰਧਤ ਖੇਤਰਾਂ 'ਚ ਭਵਿੱਖ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਉਸ ਦੇ ਅਨੁਰੂਪ ਤੋਂ ਹੀ 9ਵੀਂ ਤੋਂ ਗਣਿਤ ਪੜ੍ਹਾਇਆ ਜਾਵੇ ਤਾਂ ਕਿ ਵਿਦਿਆਰਥੀ ਇਸ ਵਿਚ ਪਰਪੱਕ ਹੋ ਸਕਣ।
9ਵੀਂ ਤੋਂ 12ਵੀਂ ਲਈ ਲਾਗੂ ਹੋਵੇਗੀ ਯੋਜਨਾ 
ਬੋਰਡ ਨੂੰ ਜੋ ਸੁਝਾਅ ਮਿਲੇ ਹਨ, ਉਨ੍ਹਾਂ 'ਚ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਗਣਿਤ ਨੂੰ ਜੇਕਰ ਵਿਦਿਆਰਥੀਆਂ ਦੀ ਰੁਚੀ ਮੁਤਾਬਕ ਤਿਆਰ ਕਰ ਦਿੱਤਾ ਜਾਵੇ ਤਾਂ ਨਿਸ਼ਚਿਤ ਹੀ ਸਾਕਾਰਾਤਮਕ ਨਤੀਜੇ ਸਾਹਮਣੇ ਆ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸਰਕਾਰ ਨੇ ਇਸ ਦੀ ਸਹਿਮਤੀ ਦੇ ਦਿੱਤੀ ਤਾਂ 9ਵੀਂ ਤੋਂ 12 ਵੀਂ ਤੱਕ ਦੇ ਵਿਦਿਆਰਥੀਆਂ ਲਈ ਇਹ ਯੋਜਨਾ ਲਾਗੂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਤਕਸੀਮ ਹੋਵੇਗਾ ਸਿਲੇਬਸ-ਜਾਣਕਾਰਾਂ ਦਾ ਕਹਿਣਾ ਹੈ ਕਿ ਸੀ. ਬੀ. ਐੱਸ. ਈ. ਦਾ ਇਹ ਫੈਸਲਾ ਕਾਫੀ ਵਧੀਆ ਹੋਵੇਗਾ ਕਿਉਂਕਿ ਜਿਹੜੇ ਵਿਦਿਆਰਥੀਆਂ ਨੇ 11ਵੀਂ 'ਚ ਮੈਡੀਕਲ ਸਟ੍ਰੀਮ ਪੜ੍ਹਨੀ ਹੈ, ਉਨ੍ਹਾਂ ਨੂੰ ਗਣਿਤ ਦੀ ਜ਼ਿਆਦਾ ਲੋੜ ਨਹੀਂ ਪਵੇਗੀ। ਇਸ ਲਈ ਉਕਤ ਵਿਦਿਆਰਥੀਆਂ ਲਈ 9ਵੀਂ ਕਲਾਸ ਤੋਂ ਹੀ ਗਣਿਤ ਦਾ ਸਰਲ ਸਿਲੇਬਸ ਤਿਆਰ ਕੀਤਾ ਜਾਵੇ, ਜਿਸ ਦੇ ਆਧਾਰ 'ਤੇ ਵਿਦਿਆਰਥੀ ਆਪਣੀ 10ਵੀਂ ਦੀ ਪ੍ਰੀਖਿਆ ਨੂੰ ਪਾਸ ਕਰ ਕੇ ਅੱਗੇ ਨਿਕਲੇ। ਉਥੇ ਜਿਨ੍ਹਾਂ ਵਿਦਿਆਰਥੀਆਂ ਨੇ ਨਾਨ-ਮੈਡੀਕਲ ਦੇ ਖੇਤਰ ਵਿਚ ਜਾਣਾ ਹੈ, ਉਨ੍ਹਾਂ ਲਈ ਉਸੇ ਅਨੁਰੂਪ ਸਿਲੇਬਸ ਤਿਆਰ ਕੀਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਜੇ. ਈ. ਈ. ਐਗਜ਼ਾਮ ਸਬੰਧੀ ਜਾਣਕਾਰੀ ਵੀ 9ਵੀਂ ਕਲਾਸ ਤੋਂ ਹੀ ਮਿਲਣੀ ਸ਼ੁਰੂ ਹੋ ਸਕੇ।