ਵਿਆਹੁਤਾ ਵੱਲੋਂ ਸਹੁਰਿਆਂ ''ਤੇ ਕੁੱਟ-ਮਾਰ ਕੇ ਘਰੋਂ ਕੱਢਣ ਦਾ ਦੋਸ਼

05/27/2018 12:50:54 AM

ਹੁਸ਼ਿਆਰਪੁਰ, (ਅਮਰਿੰਦਰ)- ਆਪਣੀ ਮਾਂ ਤੇ ਮਾਮੇ ਨਾਲ ਇਲਾਜ ਲਈ ਸਿਵਲ ਹਸਪਤਾਲ ਪਹੁੰਚੀ ਵਿਆਹੁਤਾ ਕਮਲੇਸ਼ ਰਾਣੀ ਨੇ ਆਪਣੇ ਸਰੀਰ 'ਤੇ ਲੱਗੀਆਂ ਸੱਟਾਂ ਦਿਖਾਉਂਦਿਆਂ ਦੋਸ਼ ਲਾਇਆ ਕਿ ਸਵੇਰੇ 10 ਵਜੇ ਪਤੀ, ਸੱਸ ਤੇ ਨਣਾਨ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਘਰੋਂ ਬਾਹਰ ਕੱਢ ਦਿੱਤਾ। ਪਤੀ ਜਦੋਂ ਤੋਂ ਸਾਊਦੀ ਅਰਬ ਤੋਂ ਪਰਤਿਆ ਹੈ, ਮੇਰੇ ਨਾਲ ਅਕਸਰ ਕੁੱਟ-ਮਾਰ ਕਰਦਾ ਹੈ। ਆਪਣੇ ਸਹੁਰਿਆਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਤੋਂ ਤੰਗ ਆ ਕੇ ਮੈਂ ਪੁਲਸ ਹੈਲਪ ਲਾਈਨ 'ਤੇ ਸ਼ਿਕਾਇਤਾਂ ਵੀ ਕੀਤੀਆਂ, ਪ੍ਰੰਤੂ ਉਥੋਂ ਮੈਨੂੰ ਕੋਈ ਨਿਆਂ ਮਿਲਣ ਦੀ ਉਮੀਦ ਨਹੀਂ ਹੈ। ਦੂਜੇ ਪਾਸੇ ਕਮਲੇਸ਼ ਰਾਣੀ ਦੇ ਪਤੀ ਲਵਦੀਪ ਸਿੰਘ ਵਾਸੀ ਵਾਰਡ ਨੰ. 3 ਮਾਹਿਲਪੁਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਵੇਰੇ 10 ਵਜੇ ਬਿਨਾਂ ਕਿਸੇ ਨੂੰ ਦੱਸੇ ਉਸਦੀ ਪਤਨੀ ਹਸਪਤਾਲ ਕਿਵੇਂ ਪਹੁੰਚੀ ਹੈ, ਮੈਨੂੰ ਇਸ ਬਾਰੇ ਨਹੀਂ ਪਤਾ। 
ਕੀ ਹੈ ਮਾਮਲਾ : ਸਿਵਲ ਹਸਪਤਾਲ 'ਚ 30 ਸਾਲਾ ਵਿਆਹੁਤਾ ਕਮਲੇਸ਼ ਰਾਣੀ ਦੀ ਮਾਂ ਬਲਜੀਤ ਕੌਰ ਵਾਸੀ ਹਰੀਪੁਰ ਤੇ ਮਾਮਾ ਅਮਰਜੀਤ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਕਮਲੇਸ਼ ਦਾ ਵਿਆਹ 6 ਫਰਵਰੀ 2010 ਨੂੰ ਮਾਹਿਲਪੁਰ ਦੇ ਲਵਦੀਪ ਨਾਲ ਹੋਇਆ ਸੀ। ਲਵਦੀਪ ਸਾਊਦੀ ਅਰਬ ਚਲਾ ਗਿਆ ਤਾਂ ਘਰ 'ਚ ਆਰਥਕ ਮੰਦਹਾਲੀ ਨੂੰ ਦੇਖ ਕੇ ਕਮਲੇਸ਼ ਨੇ ਪ੍ਰਾਈਵੇਟ ਨੌਕਰੀ ਕਰ ਲਈ। ਹੁਣ ਲਵਦੀਪ ਜਦੋਂ ਆਪਣੇ ਪਿੰਡ ਪਰਤਿਆ ਹੈ ਤਾਂ ਕਮਲੇਸ਼ ਕੋਲੋਂ ਪੈਸਿਆਂ ਦੀ ਮੰਗ ਨੂੰ ਲੈ ਕੇ ਉਸ ਨਾਲ ਅਕਸਰ ਕੁੱਟ-ਮਾਰ ਕਰਦਾ ਰਹਿੰਦਾ ਹੈ। ਕਮਲੇਸ਼ ਨੇ ਦੱਸਿਆ ਕਿ ਉਹ ਆਪਣੀ ਕਮਾਈ ਨਾਲ ਆਪਣੀ ਬੇਟੀ ਹਰਮੀਤ ਨੂੰ ਪੜ੍ਹਾ ਰਹੀ ਹੈ। ਪੈਸਿਆਂ ਦੀ ਮੰਗ ਨੂੰ ਲੈ ਕੇ ਉਸਦੇ ਸਹੁਰੇ ਪਰਿਵਾਰ ਵਾਲੇ ਉਸ ਨਾਲ ਬਹੁਤ ਮਾੜਾ ਵਿਵਹਾਰ ਕਰਦੇ ਹਨ ਤੇ ਅੱਜ ਘਰੋਂ ਹੀ ਬਾਹਰ ਕੱਢ ਦਿੱਤਾ। 
ਆਪਣੀ ਮਰਜ਼ੀ ਨਾਲ ਘਰੋਂ ਤਿਆਰ ਹੋ ਕੇ ਨਿਕਲੀ ਹੈ : ਜਦੋਂ ਇਸ ਸਬੰਧੀ ਕਮਲੇਸ਼ ਦੇ ਪਤੀ ਲਵਦੀਪ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਘਰ ਵਿਚ ਕਿਸੇ ਗੱਲ ਨੂੰ ਲੈ ਕੇ ਮੇਰੀ ਕਮਲੇਸ਼ ਨਾਲ ਮਾਮੂਲੀ ਬਹਿਸ ਹੋਈ ਸੀ। ਸਵੇਰੇ 10 ਵਜੇ ਉਹ ਘਰੋਂ ਪੂਰੀ ਤਿਆਰੀ ਕਰਕੇ ਆਪਣੀ ਮਰਜ਼ੀ ਨਾਲ ਬੇਟੀ ਨੂੰ ਲੈ ਕੇ ਬਾਹਰ ਨਿਕਲੀ ਸੀ। ਉਸਨੇ ਕਿਹਾ ਕਿ ਮੈਂ ਜਾਂ ਮੇਰੇ ਪਰਿਵਾਰਕ ਮੈਂਬਰਾਂ ਨੇ ਕਮਲੇਸ਼ ਨਾਲ ਕੋਈ ਕੁੱੱਟ-ਮਾਰ ਨਹੀਂ ਕੀਤੀ ਹੈ।