ਪ੍ਰੇਮਿਕਾ ਨੇ ਕਿਸੇ ਹੋਰ ਨਾਲ ਕਰਵਾਇਆ ਵਿਆਹ, ਪ੍ਰੇਮੀ ਨੇ ਲੈ ਲਿਆ ਫਾਹ

05/14/2018 5:38:22 AM

ਫਗਵਾੜਾ, (ਜ.ਬ.)- ਫਗਵਾੜਾ ਦੇ ਪਿੰਡ ਸੁੰਨੜਾਂ ਰਾਜਪੂਤਾਂ 'ਚ ਪ੍ਰੇਮ ਸਬੰਧਾਂ 'ਚ ਸ਼ਾਮਲ ਰਹੇ ਇਕ ਨੌਜਵਾਨ ਵੱਲੋਂ ਕਥਿਤ ਤੌਰ 'ਤੇ ਖੁਦ ਆਪਣੇ ਹੀ ਘਰ ਵਿਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਗਈ।
ਜਾਣਕਾਰੀ ਦਿੰਦਿਆਂ ਪੁਲਸ ਥਾਣਾ ਸਦਰ ਦੇ ਐੱਸ. ਐੱਚ. ਓ. ਲਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਰਿੰਦਰ ਕੁਮਾਰ ਪੁੱਤਰ ਜਸਵਿੰਦਰ ਕੁਮਾਰ ਵਾਸੀ ਸੁੰਨੜਾਂ ਰਾਜਪੂਤਾਂ ਫਗਵਾੜਾ ਵਜੋਂ ਹੋਈ ਹੈ, ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮ੍ਰਿਤਕ ਸੁਰਿੰਦਰ ਕੁਮਾਰ ਵੱਲੋਂ ਕਥਿਤ ਤੌਰ 'ਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਵੱਲੋਂ ਲਿਖਿਆ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ ਵਿਚ ਉਸ ਨੇ ਕਈ ਸਨਸਨੀਖੇਜ ਖੁਲਾਸੇ ਕਰਦੇ ਹੋਏ ਜ਼ਿਕਰ ਕੀਤਾ ਹੈ ਕਿ ਉਸਨੂੰ ਉਸ ਦੀ ਕਥਿਤ ਪ੍ਰੇਮਿਕਾ ਅਮਨਪ੍ਰੀਤ ਕੌਰ ਉਰਫ ਸੋਨੀਆ, ਉਸਦਾ ਪਿਤਾ ਕੁਲਦੀਪ ਸਿੰਘ, ਮਾਤਾ ਕੁਲਜੀਤ ਕੌਰ ਉਰਫ ਸੁਰਜੀਤ ਕੌਰ ਪਤਨੀ ਕੁਲਦੀਪ ਸਿੰਘ, ਭਰਾ ਗੋਪੀ ਪੁੱਤਰ ਕੁਲਦੀਪ ਸਿੰਘ ਤਿੰਨੋਂ ਵਾਸੀ ਫਗਵਾੜਾ ਹਨ। ਉਹ ਇਨ੍ਹਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਰਿਹਾ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਉਸਦੀ ਪ੍ਰੇਮਿਕਾ ਅਮਨਪ੍ਰੀਤ ਕੌਰ ਉਰਫ ਸੋਨੀਆ ਨੇ ਚੁੱਪ-ਚੁਪੀਤੇ ਉਸਦੇ ਨਾਲ ਇਕ ਧਾਰਮਕ ਸਥਾਨ 'ਤੇ ਵਿਆਹ ਵੀ ਕੀਤਾ ਸੀ ਅਤੇ ਉਹ ਕੋਰਟ ਮੈਰਿਜ ਕਰਵਾਉਣ ਦੀ ਤਿਆਰੀ ਵੀ ਕਰ ਰਿਹਾ ਸੀ। ਇਸ ਨੂੰ ਲੈ ਕੇ ਉਸਦੀ ਪ੍ਰੇਮਿਕਾ ਨੇ ਉਸਨੂੰ ਕੁਝ ਦਸਤਾਵੇਜ਼ ਵੀ ਦਿੱਤੇ। ਬਾਅਦ 'ਚ ਉਸ ਦੀ ਪ੍ਰੇਮਿਕਾ ਨੇ ਉਸਦੇ ਸਾਰੇ ਪੈਸੇ ਹੜੱਪ ਲਏ ਅਤੇ ਫਿਰ ਉਸ ਨੂੰ ਕਥਿਤ ਤੌਰ 'ਤੇ ਧੋਖਾ ਦੇ ਕੇ ਕਿਸੇ ਇਕ ਹੋਰ ਵਿਅਕਤੀ ਨਾਲ ਵਿਆਹ ਕਰ ਲਿਆ।
ਐੱਸ. ਐੱਚ. ਓ. ਲਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਕੁਮਾਰ ਦੇ ਪਿਤਾ ਜਸਵਿੰਦਰ ਕੁਮਾਰ ਪੁੱਤਰ ਜਗੀਰੀ ਲਾਲ ਵਾਸੀ ਪਿੰਡ ਰਾਣੀਪੁਰ ਰਾਜਪੂਤਾਂ ਤਹਿਸੀਲ ਫਗਵਾੜਾ ਦੇ ਬਿਆਨਾਂ ਅਤੇ ਮੌਕੇ 'ਤੇ ਮਿਲੇ ਸੁਸਾਈਡ ਨੋਟ ਦੇ ਆਧਾਰ 'ਤੇ ਉਸਦੀ ਮੁਲਜ਼ਮ ਪ੍ਰੇਮਿਕਾ ਸੋਨੀਆ, ਉਸਦੇ ਪਿਤਾ ਕੁਲਦੀਪ ਸਿੰਘ ਅਤੇ ਉਸਦੇ ਪਤੀ ਅਮਨਪ੍ਰੀਤ ਸਿੰਘ ਖਿਲਾਫ ਧਾਰਾ 306 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਵਿਚ ਦੋਸ਼ੀ ਕੁਲਜੀਤ ਕੌਰ ਉਰਫ ਸੁਰਜੀਤ ਕੌਰ ਭਰਾ ਗੋਪੀ ਦੀ ਤਲਾਸ਼ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਟੀਮ ਨੇ ਇਸ ਤੱਥ ਦੀ ਆਨ ਰਿਕਾਰਡ ਪੁਸ਼ਟੀ ਕੀਤੀ ਹੈ ਕਿ ਅਮਨਪ੍ਰੀਤ ਕੌਰ ਉਰਫ ਸੋਨੀਆ  ਦੇ ਸੁਰਿੰਦਰ ਕੁਮਾਰ ਦੇ ਨਾਲ ਪ੍ਰੇਮ ਸਬੰਧ ਰਹੇ ਹਨ ਪਰ ਇਸੇ ਦੌਰਾਨ ਉਸ ਨੇ ਸੁਰਿੰਦਰ ਕੁਮਾਰ ਨੂੰ ਛੱਡ ਕੇ ਕਿਸੇ ਹੋਰ ਵਿਅਕਤੀ ਨਾਲ ਵਿਆਹ ਕਰ ਲਿਆ ਸੀ। ਵਿਆਹ ਦੇ ਬਾਅਦ ਉਸਦੀ ਕਥਿਤ ਪ੍ਰੇਮਿਕਾ ਉਸਦਾ ਪਿਤਾ ਤੇ ਉਸਦਾ ਪਤੀ ਸੁਰਿੰਦਰ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦੇ ਕੇ ਤੰਗ-ਪ੍ਰੇਸ਼ਾਨ ਕਰ ਰਹੇ ਸਨ।ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।