ਨਵ-ਵਿਆਹੁਤਾ ਨੇ ਸਲਫਾਸ ਨਿਗਲੀ, ਮੌਤ

05/20/2018 10:09:42 AM

ਬਟਾਲਾ (ਬੇਰੀ) : ਬਟਾਲਾ ਦੇ ਉੱਤਮ ਨਗਰ ਵਾਸੀ ਇਕ ਨਵ-ਵਿਆਹੁਤਾ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧ 'ਚ ਮ੍ਰਿਤਕਾ ਦੇ ਪਿਤਾ ਕੁੰਨਣ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਗਿੱਲਮੰਝ ਨੇ ਦੱਸਿਆ ਕਿ ਮੇਰੀ ਲੜਕੀ ਸਿਮਰਜੀਤ ਕੌਰ ਦਾ ਵਿਆਹ ਜੁਲਾਈ 2017 ਨੂੰ ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਉੱਤਮ ਨਗਰ, ਬਟਾਲਾ ਨਾਲ ਹੋਇਆ ਸੀ ਅਤੇ ਵਿਆਹ ਦੌਰਾਨ ਮੈਂ ਆਪਣੀ ਲੜਕੀ ਨੂੰ ਹੈਸੀਅਤ ਅਨੁਸਾਰ ਦਾਜ ਦਿੱਤਾ ਸੀ ਪਰ ਵਿਆਹ ਦੇ ਇਕ ਮਹੀਨੇ ਬਾਅਦ ਮੇਰੀ ਲੜਕੀ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਘੱਟ ਲਿਆਉਣ 'ਤੇ ਤਾਅਨੇ ਮਾਰਦਾ ਸੀ ਅਤੇ ਦਾਜ ਹੋਰ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਦਾ ਸੀ। ਕੁੰਨਣ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੇਰਾ ਛੋਟਾ ਭਰਾ ਪਰਮਜੀਤ ਸਿੰਘ ਅਤੇ ਉਸਦੀ ਪਤਨੀ ਮੇਰੀ ਲੜਕੀ ਨੂੰ ਮਿਲਣ ਲਈ ਉਸਦੇ ਸਹੁਰੇ ਘਰ ਗਏ ਸਨ, ਜਿਥੇ ਸਿਮਰਜੀਤ ਨੇ ਸਾਰੀ ਗੱਲ ਉਨ੍ਹਾਂ ਨੂੰ ਦੱਸਦਿਆਂ ਕਿਹਾ ਕਿ ਮੈਨੂੰ ਆਪਣੇ ਨਾਲ ਲੈ ਚਲੋ, ਜਿਸ 'ਤੇ ਪਰਮਜੀਤ ਸਿੰਘ ਨੇ ਮੇਰੀ ਲੜਕੀ ਨੂੰ ਕਿਹਾ ਕਿ ਅਸੀਂ ਸਾਰੇ ਆਵਾਂਗੇ ਪਰ ਸਵੇਰੇ ਸਾਨੂੰ ਪਤਾ ਲੱਗਾ ਕਿ ਸਾਡੀ ਲੜਕੀ ਨੇ ਸਹੁਰਾ ਪਰਿਵਾਰ ਨਾਲ ਝਗੜੇ ਕਾਰਨ ਅਤੇ ਦਾਜ ਦੀ ਮੰਗ ਤੋਂ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਹਨ। ਉਨ੍ਹਾਂ ਦੱਸਿਆ ਕਿ ਉਸਦੇ ਤੁਰੰਤ ਬਾਅਦ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਸਪਤਾਲ ਪਹੁੰਚੇ ਤਾਂ ਸਿਵਲ ਹਸਪਤਾਲ ਬਟਾਲਾ 'ਚ ਡਾਕਟਰਾਂ ਨੇ ਉਨ੍ਹਾਂ ਦੀ ਲੜਕੀ ਦੀ ਹਾਲਤ ਖਰਾਬ ਹੁੰਦੀ ਦੇਖ ਕੇ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ, ਜਿਥੇ ਉਸਦੀ ਮੌਤ ਹੋ ਗਈ। ਕੁੰਨਣ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਾਜ ਦੇ ਲਾਲਚੀਆਂ 'ਤੇ ਸ਼ਿਕੰਜਾ ਕੱਸਿਆ ਜਾਵੇ, ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਸੇਵਾ ਸਿੰਘ, ਮਨਜੀਤ ਸਿੰਘ, ਸੁਰਿੰਦਰ ਸਿੰਘ, ਬਚਿੱਤਰ ਸਿੰਘ, ਗੁਰਨਾਮ ਸਿੰਘ, ਗੁਰਮੁੱਖ ਸਿੰਘ, ਸੁੱਚਾ ਸਿੰਘ ਆਦਿ ਹਾਜ਼ਰ ਸਨ। 
ਕੀ ਕਹਿਣਾ ਹੈ ਐੱਸ. ਐੱਚ. ਓ. ਦਾ
ਇਸ ਮਾਮਲੇ ਸਬੰਧੀ ਜਦੋਂ ਐੱਸ. ਐੱਚ. ਓ. ਸਿਵਲ ਲਾਈਨ ਪਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ 'ਚ ਮ੍ਰਿਤਕਾ ਦੇ ਪਿਤਾ ਕੁੰਨਣ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਵਲ ਲਾਈਨ ਵਿਚ ਧਾਰਾ 304-ਬੀ ਆਈ. ਪੀ. ਸੀ. ਤਹਿਤ ਮ੍ਰਿਤਕਾ ਦੇ ਪਤੀ ਗੁਰਮੀਤ ਸਿੰਘ, ਸੱਸ ਬਲਬੀਰ ਕੌਰ ਅਤੇ ਸਹੁਰਾ ਰਣਜੀਤ ਸਿੰਘ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ ਪਤੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।