ਮਰਾਠੀ ਮੈਗਜ਼ੀਨ ''ਚਿਤਰਲੇਖਾ'' ''ਚ ਪੰਜਾਬ ਦੇ ਤਰਕਸ਼ੀਲਾਂ ਨੂੰ ਮਿਲਿਆ ਮਾਣ

05/08/2018 11:13:47 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) —ਪਿਛਲੇ ਲੰਬੇ ਸਮੇਂ ਤੋਂ ਵਿਗਿਆਨਕ ਚੇਤਨਾ ਦੇ ਪਸਾਰ ਵਿਚ ਜੁਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਲੋਕ ਹਿਤੂ ਕਾਰਜਾਂ ਦੀ ਚਰਚਾ ਮਰਾਠੀ ਭਾਸ਼ਾ ਵਿਚ ਵੀ ਹੋਣ ਲੱਗੀ ਹੈ।  ਮੁੰਬਈ ਤੋਂ ਛਪਦੇ ਪ੍ਰਮੁੱਖ ਮਰਾਠੀ ਮੈਗਜ਼ੀਨ 'ਚਿਤਰ ਲੇਖਾ' ਦੇ ਨਵੇਂ ਅੰਕ 'ਚ  ਪੰਜਾਬ ਦੀ ਤਰਕਸ਼ੀਲ ਲਹਿਰ ਦੀਆਂ ਤਿੰਨ ਦਹਾਕਿਆਂ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਸ 'ਚ ਮਾਨਸਿਕ ਰੋਗੀਆਂ ਦੀ ਸਹਾਇਤਾ ਲਈ ਚਲਦੇ ਮਸ਼ਵਰਾ ਕੇਂਦਰਾਂ ਤੇ ਤਰਕਸ਼ੀਲ ਸਾਹਿਤ ਵੈਨ ਦਾ ਵਿਸ਼ੇਸ਼ ਜ਼ਿਕਰ ਹੈ। ਇਹ ਜਾਣਕਾਰੀ ਦਿੰਦਿਆਂ ਲੋਕ ਸਾਹਿਤ ਸਭਾ ਦੇ ਸਕੱਤਰ  ਬੂਟਾ ਸਿੰਘ ਵਾਕਫ਼ ਨੇ ਦੱਸਿਆ ਕਿ ਭਾਰਤ ਦੀ ਕੌਮੀ ਚੇਤਨਾ ਲਹਿਰ ਅਧੀਨ ਦੇਸ਼ ਦੇ ਵੱਖ- ਵੱਖ ਰਾਜਾਂ ਵਿਚ ਵਿਗਿਆਨਕ ਚੇਤਨਾ ਵੰਡ ਰਹੀਆਂ ਸੰਸਥਾਵਾਂ ਲਈ ਪੰਜਾਬ ਦੀ ਤਰਕਸ਼ੀਲ ਲਹਿਰ ਪ੍ਰੇਰਨਾ ਸਰੋਤ ਹੈ।  ਜਿਸ ਦੇ ਨਤੀਜੇ ਵਜੋਂ ਦੇਸ਼ ਦੀਆਂ ਹੋਰਨਾਂ ਭਾਸ਼ਾਵਾਂ 'ਚ ਪੰਜਾਬ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਮਰਾਠੀ ਮੈਗਜ਼ੀਨ ਚਿਤਰਲੇਖਾ ਦੇ ਤਾਜ਼ਾ ਅੰਕ 'ਚ ਕਾਨੂੰਨ ਦੀ ਗ੍ਰਿਫਤ ਕਰਕੇ ਜੇਲਾਂ 'ਚ ਬੰਦ ਅਖੌਤੀ ਧਰਮ ਗੁਰੂਆਂ ਬਾਰੇ ਸਚਿਨ ਪਰਬ ਦੀ ਵਿਸ਼ੇਸ਼ ਰਿਪੋਰਟ 'ਚ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕੀ ਮੈਂਬਰ ਰਾਮ ਸਵਰਨ ਲੱਖੇਵਾਲੀ ਦੀ ਮੁਲਾਕਾਤ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀ ਧਰਤੀ ਤੇ ਹੋਣ ਵਾਲੀਆਂ ਮਾਨਸਿਕ ਸਿਹਤ, ਰੰਗ ਮੰਚ, ਪੁਸਤਕ ਸਭਿਆਚਾਰ ਜਿਹੀਆਂ ਤਰਕਸ਼ੀਲ ਸਰਗਰਮੀਆਂ ਦਾ ਹੋਰਨਾਂ  ਭਾਰਤੀ ਭਾਸ਼ਾਵਾਂ ਵਿਚ ਛਪਣਾ ਆਪਣੇ -ਆਪ ਵਿਚ ਜ਼ਿਕਰਯੋਗ ਪ੍ਰਾਪਤੀ ਹੈ , ਜਿਸ ਵਾਸਤੇ ਸਮਾਜਿਕ ਬਰਾਬਰੀ ਲਈ ਨਿਰ ਸੁਆਰਥ ਚੇਤਨਾ ਵੰਡਣ ਵਾਲੇ ਤਰਕਸ਼ੀਲ ਕਾਮੇ ਵਧਾਈ ਦੇ ਪਾਤਰ ਹਨ। 


Related News