2 ਸਮੱਗਲਰ ਗ੍ਰਿਫਤਾਰ, ਲੱਖਾਂ ਦੀ ਨਕਦੀ ਤੇ ਪਾਕਿਸਤਾਨੀ ਸਿਮ ਬਰਾਮਦ

05/26/2018 6:25:31 AM

ਗੁਰਦਾਸਪੁਰ (ਵਿਨੋਦ, ਦੀਪਕ) - ਬੀਤੇ ਦਿਨ ਭਾਰਤ-ਪਾਕਿ ਸੀਮਾ 'ਤੇ ਕਮਾਲਪੁਰ ਜੱਟਾਂ ਕੋਲ ਇਕ ਬੈਟਰੀ 'ਚ ਪਾ ਕੇ ਜ਼ਮੀਨ 'ਚ ਦਬਾ ਕੇ ਰੱਖੀ, ਜੋ 3 ਕਿਲੋ ਹੈਰੋਇਨ ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਸੈੱਲ ਅੰਮ੍ਰਿਤਸਰ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਬਰਾਮਦ ਕੀਤੀ ਸੀ, ਸਬੰਧੀ 2 ਸਮੱਗਲਰਾਂ ਨੂੰ ਇਸ ਸਟੇਟ ਸਪੈਸ਼ਲ ਸੈੱਲ ਅੰਮ੍ਰਿਤਸਰ ਨੇ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 2 ਲੱਖ 50 ਹਜ਼ਾਰ ਰੁਪਏ ਨਕਦ ਤੇ ਇਕ ਪਾਕਿਸਤਾਨੀ ਮੋਬਾਇਲ ਸਿਮ ਬਰਾਮਦ ਕੀਤੀ ਹੈ। ਸਟੇਟ ਸਪੈਸ਼ਲ ਸੈੱਲ ਦੇ ਇੰਸਪੈਕਟਰ ਇੰਦਰਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਗੁਰਦਾਸਪੁਰ ਅਦਾਲਤ 'ਚ ਪੇਸ਼ ਕਰ ਕੇ ਇਨ੍ਹਾਂ ਦਾ 30 ਮਈ ਤੱਕ ਪੁਲਸ ਰਿਮਾਂਡ ਲੈ ਲਿਆ ਗਿਆ ਹੈ।
ਇਸ ਸਬੰਧੀ ਇੰਦਰਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਲਗਭਗ 15 ਕਰੋੜ ਰੁਪਏ ਦੀ ਜੋ 3 ਕਿਲੋ ਹੈਰੋਇਨ ਸੀਮਾ 'ਤੇ ਸਥਿਤ ਕਮਾਲਪੁਰ ਜੱਟਾਂ ਬੀ. ਓ. ਪੀ. ਕੋਲੋਂ ਇਕ ਬੈਟਰੀ 'ਚ ਪਾ ਕੇ ਜ਼ਮੀਨ 'ਚ ਦੱਬੀ ਹੋਈ ਬਰਾਮਦ ਕੀਤੀ ਗਈ ਸੀ। ਉਸ ਸਬੰਧੀ ਉਦੋਂ ਤਾਂ ਮੌਕੇ ਤੋਂ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਪਰ ਇਸ ਸਬੰਧੀ ਸੀਮਾ ਸੁਰੱਖਿਆ ਬਲ ਦੇ ਗੁਪਤਚਰ ਵਿੰਗ ਦੀ ਮਦਦ ਨਾਲ ਇਲਾਕੇ 'ਚ ਤਲਾਸ਼ੀ ਅਭਿਆਨ ਚਲਾ ਕੇ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖੀ ਗਈ ਸੀ। 
ਇਸ 'ਚ ਪਤਾ ਲੱਗਾ ਕਿ 2 ਸ਼ੱਕੀ ਵਿਅਕਤੀ ਸਰਹੱਦੀ ਪਿੰਡ ਦੋਸਤਪੁਰ ਦੀ ਡਿਸਪੈਂਸਰੀ ਕੋਲ ਘੁੰਮ ਰਹੇ ਹਨ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਸ਼ੱਕੀ ਹਨ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਦੋਸਤਪੁਰ ਕੋਲੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਤੋਂ 2 ਲੱਖ 50 ਹਜ਼ਾਰ ਰੁਪਏ ਨਕਦ ਤੇ ਇਕ ਪਾਕਿਸਤਾਨੀ ਸਿਮ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਸਕੱਤਰ ਸਿੰਘ ਪੁੱਤਰ ਰਸਾਲ ਸਿੰਘ ਅਤੇ ਇੰਦਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਨਿਵਾਸੀ ਪਿੰਡ ਦਾਊਕੇ ਜ਼ਿਲਾ ਅੰਮ੍ਰਿਤਸਰ ਦੇ ਰੂਪ 'ਚ ਹੋਈ।
ਉਕਤ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿਛ 'ਤੇ ਪਤਾ ਲੱਗਾ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਉਸ ਦੇ ਸਾਥੀ ਸਮੱਗਲਰ ਕਾਫਲ ਮਸੀਹ ਪੁੱਤਰ ਫੌਜੀ ਸੈਜੋ ਮਸੀਹ ਨਿਵਾਸੀ ਪਿੰਡ ਮਨਿਆਲੀ ਲਾਹੌਰ ਨੇ ਇਕ ਨਿਹੰਗ ਨਾਮਕ ਕੋਰੀਅਰ ਰਾਹੀਂ ਭਾਰਤ ਭੇਜੀ ਸੀ।