ਆਖਰੀ ਦਾਅ ਲਈ ਉਤਰਨਗੇ ਕੋਲਕਾਤਾ-ਰਾਜਸਥਾਨ

05/23/2018 1:29:34 AM

ਕੋਲਕਾਤਾ—ਸ਼ਾਂਤ ਸੁਭਾਅ ਦਾ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈ. ਪੀ. ਐੱਲ.-11 ਵਿਚ ਉਤਰਾਅ-ਚੜ੍ਹਾਅ ਦੇ ਦੌਰ 'ਚੋਂ ਕੱਢਦੇ ਹੋਏ ਪਲੇਅ ਆਫ 'ਚ ਲੈ ਆਇਆ ਹੈ ਪਰ ਹੁਣ ਉਸ ਦੀ ਅਸਲ ਪ੍ਰੀਖਿਆ ਬੁੱਧਵਾਰ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਐਲਿਮੀਨੇਟਰ ਮੁਕਾਬਲੇ 'ਚ ਟੀਮ ਨੂੰ ਜਿੱਤ ਦੇ ਨਾਲ ਦੂਜੇ ਕੁਆਲੀਫਾਇਰ 'ਚ ਲੈ ਕੇ ਜਾਣ ਦੀ ਹੋਵੇਗੀ।
ਕੇ. ਕੇ. ਆਰ. ਤੇ ਰਾਜਸਥਾਨ ਵਿਚਾਲੇ ਈਡਨ ਗਾਰਡਨ ਮੈਦਾਨ 'ਤੇ ਬੁੱਧਵਾਰ ਨੂੰ ਟੂਰਨਾਮੈਂਟ ਦਾ ਐਲਿਮੀਨੇਟਰ ਮੁਕਾਬਲਾ ਖੇਡਿਆ ਜਾਵੇਗਾ, ਜਿਹੜਾ ਦੋਵਾਂ ਟੀਮਾਂ ਲਈ ਹੁਣ 'ਕਰੋ ਜਾਂ ਮਰੋ' ਦਾ ਮੈਚ ਹੈ। ਜਿੱਤਣ ਵਾਲੀ ਟੀਮ ਕੋਲ ਜਿਥੇ ਦੂਜੇ ਕੁਆਲੀਫਾਇਰ ਮੈਚ 'ਚ ਪਹਿਲੇ ਕੁਆਲੀਫਾਇਰ ਦੀ ਹਾਰ ਜਾਣ ਵਾਲੀ ਟੀਮ ਨਾਲ ਖੇਡ ਕੇ ਫਾਈਨਲ 'ਚ ਜਗ੍ਹਾ ਬਣਾਉਣ ਦਾ ਮੌਕਾ ਹੋਵੇਗਾ ਤਾਂ ਉਥੇ ਹੀ ਹਾਰ ਜਾਣ ਵਾਲੀ ਟੀਮ ਲਈ ਇਹ ਟੂਰਨਾਮੈਂਟ ਦਾ ਆਖਰੀ ਮੈਚ ਸਾਬਤ ਹੋਵੇਗਾ।
ਕੋਲਕਾਤਾ ਦੀ ਟੀਮ ਨੂੰ ਆਪਣੇ ਘਰੇਲੂ ਈਡਨ ਗਾਰਡਨ ਮੈਦਾਨ 'ਤੇ ਖੇਡਣ ਦਾ ਫਾਇਦਾ ਜ਼ਰੂਰ ਮਿਲ ਸਕਦਾ ਹੈ। ਸ਼ਾਹਰੁਖ ਖਾਨ  ਦੀ ਸਹਿ-ਮਾਲਕੀ ਹੱਕ ਵਾਲੀ ਟੀਮ ਦੀ ਹੌਸਲਾ ਅਫਜ਼ਾਈ ਲਈ ਕਰੀਬ 66 ਹਜ਼ਾਰ ਦਰਸ਼ਕਾਂ ਦੇ ਮੌਜੂਦ ਰਹਿਣ ਦੀ ਉਮੀਦ ਹੈ। ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨੂੰ ਇਸ ਲਈ ਵੀ ਮੈਚ ਵਿਚ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਉਸ ਨੇ ਰਾਜਸਥਾਨ ਰਾਇਲਜ਼ ਵਿਰੁੱਧ ਆਪਣੇ ਦੋਵੇਂ ਮੁਕਾਬਲੇ ਲੀਗ ਗੇੜ 'ਚ ਜਿੱਤੇ ਹਨ।
ਹਾਲਾਂਕਿ ਹੌਲੀ ਸ਼ੁਰੂਆਤ ਦੇ ਬਾਵਜੂਦ ਸਾਰਿਆਂ ਨੂੰ ਹੈਰਾਨ ਕਰ ਕੇ ਪਲੇਅ ਆਫ ਵਿਚ ਪਹੁੰਚਣ ਵਾਲੀ ਰਾਜਸਥਾਨ ਨੂੰ ਘੱਟ ਸਮਝਣਾ ਵੱਡੀ ਗਲਤੀ ਸਾਬਤ ਹੋ ਸਕਦੀ ਹੈ, ਜਿਸ ਨੇ ਆਪਣੇ ਆਖਰੀ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 30 ਦੌੜਾਂ ਨਾਲ ਹਰਾ ਕੇ ਪਲੇਅ ਆਫ ਵਿਚ ਜਗ੍ਹਾ ਪੱਕੀ ਕੀਤੀ ਸੀ। ਮੈਚ ਵਿਚ ਉੱਚ ਤਾਪਮਾਨ ਤੋਂ ਇਲਾਵਾ ਸ਼ਾਮ ਨੂੰ ਤਰੇਲ ਦੀ ਵਜ੍ਹਾ ਨਾਲ ਵੀ ਪਿੱਚ ਦੇ ਪ੍ਰਭਾਵਿਤ ਹੋਣ ਦੀ ਉਮੀਦ ਹੈ, ਜਿਹੜੀ ਮੈਚ ਦੇ ਨਤੀਜੇ 'ਤੇ ਅਸਰ ਪਾ ਸਕਦੀ ਹੈ। ਹਾਲਾਂਕਿ ਦੋਵਾਂ ਟੀਮਾਂ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਹੀ ਅੰਤ 'ਚ ਮੈਚ ਦਾ ਪਾਸਾ ਤੈਅ ਕਰੇਗਾ। 
ਰਾਜਸਥਾਨ ਦੇ ਕਪਤਾਨ ਅਜਿੰਕਯ ਰਹਾਨੇ ਲਈ ਜ਼ਰੂਰੀ ਹੋਵੇਗਾ ਕਿ ਉਹ ਕੇ. ਕੇ. ਆਰ. ਵਿਰੁੱਧ ਪਿਛਲੀਆਂ ਗਲਤੀਆਂ ਤੋਂ ਬਚੇ, ਜਿਸ ਨੇ ਉਸ ਨੂੰ ਘਰੇਲੂ ਤੇ ਬਾਹਰੀ ਮੈਦਾਨ 'ਤੇ ਹੋਏ ਦੋਵਾਂ ਮੈਚਾਂ ਵਿਚ ਹਰਾਇਆ ਹੈ। ਈਡਨ 'ਤੇ 15 ਮਈ ਨੂੰ ਖੇਡੇ ਗਏ ਮੈਚ ਵਿਚ ਕੋਲਕਾਤਾ ਛੇ ਵਿਕਟਾਂ ਨਾਲ ਜਿੱਤਿਆ ਸੀ, ਜਿਸ ਵਿਚ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ 20 ਦੌੜਾਂ 'ਤੇ 4 ਵਿਕਟਾਂ ਲਈਆਂ ਸਨ। ਇਸ ਮੈਚ ਵਿਚ ਰਾਜਸਥਾਨ 19 ਓਵਰਾਂ 'ਚ 142 ਦੌੜਾਂ 'ਤੇ ਆਲ ਆਊਟ ਹੋ ਗਈ ਸੀ। 
ਦਿਲਚਸਪ ਰਿਹਾ ਹੈ ਕਿ ਜਿਥੇ ਸਾਲ 2008 ਦੀ ਚੈਂਪੀਅਨ ਰਾਜਸਥਾਨ ਨੇ 4.5 ਓਵਰਾਂ ਵਿਚ ਇਕ ਵਿਕਟ 'ਤੇ 63 ਦੌੜਾਂ ਬਣਾਈਆਂ, ਉਥੇ ਹੀ ਬਾਅਦ ਵਿਚ ਪੂਰੀ ਟੀਮ 19 ਓਵਰਾਂ ਵਿਚ 142 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਦੋਵਾਂ ਟੀਮਾਂ ਵਿਚਾਲੇ ਜੈਪੁਰ ਵਿਚ ਖੇਡੇ ਗਏ ਮੈਚ ਵਿਚ ਵੀ ਮੇਜ਼ਬਾਨ ਰਾਜਸਥਾਨ ਨੂੰ ਕੇ. ਕੇ. ਆਰ. ਤੋਂ ਆਪਣੇ ਘਰੇਲੂ ਮੈਦਾਨ 'ਤੇ ਸੱਤ ਵਿਕਟਾਂ ਨਾਲ ਹਾਰ ਝੱਲਣੀ ਪਈ ਸੀ।