ਕਤਲ ਦੇ ਮਾਮਲੇ ''ਚ ਸੁਪਾਰੀ ਕਿੱਲਰ ਨੂੰ ਉਮਰ ਕੈਦ, ਮ੍ਰਿਤਕ ਦੀ ਬੇਟੀ ਬਰੀ

05/26/2018 5:13:01 AM

ਅੰਮ੍ਰਿਤਸਰ, (ਮਹਿੰਦਰ)- ਸ਼ਹਿਰ 'ਚ ਦੀਦਾਰ ਗੈਸ ਏਜੰਸੀ ਦੀ ਮਾਲਕਣ ਦੀ ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਪੁਲਸ ਨੇ ਮ੍ਰਿਤਕਾ ਦੀ ਜਿਸ ਲੜਕੀ 'ਤੇ ਸੁਪਾਰੀ ਦੇ ਕੇ ਆਪਣੀ ਮਾਂ ਦੀ ਹੱਤਿਆ ਕਰਵਾਉਣ ਦੇ ਦੋਸ਼ ਲਾਏ ਸਨ, ਸਬੂਤਾਂ ਦੀ ਘਾਟ 'ਚ ਅਦਾਲਤ ਨੇ ਉਸ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਪਰ ਜਿਸ ਹਿਮਾਚਲ ਪ੍ਰਦੇਸ਼ ਵਾਸੀ ਹੱਤਿਆ ਦੇ ਦੋਸ਼ੀ ਗਣੇਸ਼ 'ਤੇ ਸੁਪਾਰੀ ਲੈ ਕੇ ਹੱਤਿਆ ਕੀਤੇ ਜਾਣ ਦੇ ਦੋਸ਼ ਲਾਏ ਗਏ ਸਨ ਉਸ ਖਿਲਾਫ ਦੋਸ਼ ਸਹੀ ਪਾਏ ਜਾਣ 'ਤੇ ਸਥਾਨਕ ਜ਼ਿਲਾ ਅਤੇ ਸੈਸ਼ਨ ਜੱਜ ਕਰਮਜੀਤ ਸਿੰਘ ਦੀ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਰਾਸ਼ੀ ਨਾ ਅਦਾ ਕਰਨ 'ਤੇ ਉਸ ਨੂੰ ਹੋਰ 6 ਮਹੀਨੇ ਦੀ ਵਾਧੂ ਕੈਦ ਵੀ ਭੁਗਤਣੀ ਹੋਵੇਗੀ।
ਸਾਬਕਾ ਕੌਂਸਲਰ ਤਰਸੇਮ ਭੋਲਾ ਨੇ ਮਾਮਲੇ ਨੂੰ ਦਿੱਤਾ ਸੀ ਨਵਾਂ ਮੋੜ
ਹੱਤਿਆ ਦੇ ਇਸ ਮਾਮਲੇ ਦੀ ਜਾਂਚ ਕਾਰਨ ਸਾਬਕਾ ਕੌਂਸਲਰ ਤਰਸੇਮ ਸਿੰਘ ਭੋਲਾ ਨੇ 27 ਜਨਵਰੀ 2015 ਨੂੰ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਇੰਦਰ ਰਾਜ ਕੌਰ ਉਰਫ ਕਿੱਕੀ ਨਾਮਕ ਇਕ ਲੜਕੀ ਉਸ ਕੋਲ ਆਈ ਸੀ ਕਿ ਉਸ ਦੀ ਮੰਮੀ ਨੇ ਆਪਣੀ ਸਾਰੀ ਜਾਇਦਾਦ ਦੀ ਵਸੀਅਤ ਉਸ ਦੇ ਭਰਾ ਤੇਜਿੰਦਰ ਸਿੰਘ ਲਾਲੀ ਦੇ ਨਾਂ ਕੀਤੀ ਹੋਈ ਹੈ। ਉਸ ਦੀ ਮੰਮੀ ਵੱਲੋਂ ਉਸ ਨੂੰ ਕੋਈ ਵੀ ਜਾਇਦਾਦ ਨਾ ਦਿੱਤੇ ਜਾਣ ਕਾਰਨ ਉਹ ਬਹੁਤ ਹੀ ਗੁੱਸੇ ਵਿਚ ਸੀ ਅਤੇ ਇਸ ਗੱਲ ਦੀ ਰੰਜਿਸ਼ ਰੱਖਦੇ ਹੋਏ ਉਹ ਭੁੱਲਰ ਹਸਪਤਾਲ ਵਿਚ ਕੰਮ ਕਰਨ ਵਾਲੇ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕਾਂਗੜਾ ਵਾਸੀ ਗਣੇਸ਼ ਕੁਮਾਰ ਨੂੰ 5 ਲੱਖ ਰੁਪਏ ਦਾ ਲਾਲਚ ਦੇ ਕੇ ਆਪਣੀ ਮੰਮੀ ਰਾਜਿੰਦਰ ਕੌਰ ਦੀ ਹੱਤਿਆ ਕਰਵਾ ਬੈਠੀ। ਉਸ ਤੋਂ ਬਹੁਤ ਭਾਰੀ ਗਲਤੀ ਹੋ ਗਈ ਹੈ, ਇਸ ਲਈ ਕਿਸੇ ਨਾ ਕਿਸੇ ਤਰ੍ਹਾਂ ਉਸ ਦਾ ਬਚਾਅ ਕਰਵਾ ਦਿਓ।
ਇਸ ਤਰ੍ਹਾਂ ਮਕਬੂਲਪੁਰਾ ਵਾਸੀ ਇਕ ਸੁਤੰਤਰ ਗਵਾਹ ਕਸ਼ਮੀਰ ਸਿੰਘ ਨੇ ਵੀ ਉਸ ਦਿਨ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਭੁੱਲਰ ਹਸਪਤਾਲ ਵਿਚ ਕੰਮ ਕਰਨ ਵਾਲੇ ਗਣੇਸ਼ ਕੁਮਾਰ ਨੇ ਉਸ ਨੂੰ ਦੱਸਿਆ ਸੀ ਕਿ ਉਹ ਰਾਜਿੰਦਰ ਕੌਰ ਉਰਫ ਕਿੱਕੀ ਨਾਮਕ ਇਕ ਲੜਕੀ ਦੇ ਕਹਿਣ 'ਤੇ ਉਸ ਦੀ ਮਾਂ ਰਾਜਿੰਦਰ ਕੌਰ ਦੀ ਹੱਤਿਆ ਕਰ ਬੈਠਾ ਹੈ। ਪੁਲਸ ਉਸ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਸਕਦੀ ਹੈ, ਇਸ ਲਈ ਉਹ ਕਿਸੇ ਨਾ ਕਿਸੇ ਤਰ੍ਹਾਂ ਉਸ ਦਾ ਬਚਾਅ ਕਰਵਾ ਦੇਵੇ। ਇਨ੍ਹਾਂ ਦੋਵਾਂ ਗਵਾਹਾਂ ਵੱਲੋਂ ਸਾਹਮਣੇ ਆਉਣ 'ਤੇ ਹੱਤਿਆ ਅਤੇ ਡਕੈਤੀ ਦੇ ਮੰਨੇ ਜਾ ਰਹੇ ਇਸ ਮਾਮਲੇ ਵਿਚ ਇਕਦਮ ਨਵਾਂ ਮੋੜ ਆ ਗਿਆ ਸੀ।
ਪੁਲਸ ਨੇ ਬਰਾਮਦ ਕੀਤੇ ਸਨ 4.30 ਲੱਖ ਰੁਪਏ
ਸਾਬਕਾ ਕੌਂਸਲਰ ਤਰਸੇਮ ਸਿੰਘ ਭੋਲਾ ਤੇ ਕਸ਼ਮੀਰ ਸਿੰਘ ਨਾਮਕ ਇਕ ਹੋਰ ਸੁਤੰਤਰ ਗਵਾਹ ਦੇ ਸਾਹਮਣੇ ਆਉਣ 'ਤੇ ਮ੍ਰਿਤਕ ਰਾਜਿੰਦਰ ਕੌਰ ਦੀ ਲੜਕੀ ਇੰਦਰ ਰਾਜ ਕੌਰ ਜਿਸ ਦੇ ਬਿਆਨ 'ਤੇ ਪੁਲਸ ਨੇ ਇਹ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ, ਉਸ ਨੂੰ ਹੀ ਹੱਤਿਆ ਦਾ ਦੋਸ਼ੀ ਬਣਾਉਂਦੇ ਹੋਏ ਉਸ ਦੇ ਨਾਲ ਗਣੇਸ਼ ਨੂੰ ਵੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਦੋਵਾਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਪੁਲਸ ਨੇ ਹੱਤਿਆ ਦੇ ਦੋਸ਼ੀ ਗਣੇਸ਼ ਤੋਂ 2.50 ਲੱਖ ਰੁਪਏ ਤੇ ਇੰਦਰ ਰਾਜ ਕੌਰ ਉਰਫ ਕਿੱਕੀ ਤੋਂ 1.80 ਲੱਖ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਪੁਲਸ ਮੁਤਾਬਿਕ ਕਿੱਕੀ ਨੇ ਇਹ ਰੁਪਏ ਗਣੇਸ਼ ਨੂੰ ਬਾਅਦ ਵਿਚ ਦੇਣੇ ਸਨ।
ਪਹਿਲੀ ਨਜ਼ਰ 'ਚ ਪੁਲਸ ਨੂੰ ਲੱਗਾ ਸੀ ਹੱਤਿਆ-ਡਕੈਤੀ ਦਾ ਮਾਮਲਾ
ਸਥਾਨਕ ਗੋਲਡਨ ਐਵੀਨਿਊ ਵਾਸੀ ਇੰਦਰ ਰਾਜ ਕੌਰ ਉਰਫ ਕਿੱਕੀ ਪੁੱਤਰੀ ਦੀਦਾਰ ਸਿੰਘ ਦੇ ਬਿਆਨ 'ਤੇ ਥਾਣਾ ਮਕਬੂਲਪੁਰਾ 'ਚ 21 ਜਨਵਰੀ 2015 ਨੂੰ ਭ.ਦ.ਸ. ਦੀ ਧਾਰਾ 320/34 ਤਹਿਤ ਦਰਜ ਕੀਤੇ ਗਏ ਮੁਕੱਦਮਾ ਨੰਬਰ 07/2015 ਮੁਤਾਬਿਕ ਇੰਦਰ ਰਾਜ ਕੌਰ ਉਰਫ ਕਿੱਕੀ ਦਾ ਕਹਿਣਾ ਸੀ ਕਿ ਉਸ ਦਾ ਭਰਾ ਤੇਜਿੰਦਰ ਸਿੰਘ ਉਰਫ ਲਾਲੀ 18 ਜਨਵਰੀ 2015 ਨੂੰ ਡਲਹੌਜ਼ੀ ਗਿਆ ਹੋਇਆ ਸੀ ਅਤੇ ਉਹ ਖੁਦ ਇਕ ਦਿਨ ਪਹਿਲਾਂ 17 ਜਨਵਰੀ ਨੂੰ ਆਪਣੇ ਰਿਸ਼ਤੇਦਾਰ ਦੇ ਭੋਗ ਸਬੰਧੀ ਗੁਰੂਗ੍ਰਾਮ (ਹਰਿਆਣਾ) ਗਈ ਹੋਈ ਸੀ ਅਤੇ ਘਰ ਵਿਚ ਉਸ ਦੀ ਮੰਮੀ ਰਾਜਿੰਦਰ ਕੌਰ ਇਕੱਲੀ ਹੀ ਸੀ। ਉਸ ਦਾ ਕਹਿਣਾ ਸੀ ਕਿ ਗੁਰੂਗ੍ਰਾਮ ਤੋਂ ਜਦੋਂ ਉਹ ਵਾਪਸ ਆ ਰਹੀ ਸੀ ਤਾਂ ਰਸਤੇ ਵਿਚ ਉਸ ਦੀ ਮੰਮੀ ਦੇ ਮੋਬਾਇਲ ਤੋਂ ਉਸ ਨੂੰ ਸੂਚਨਾ ਮਿਲੀ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਾਇਦ ਘਰ ਵਿਚ ਲੁੱਟ ਦੀ ਨੀਅਤ ਨਾਲ ਉਸ ਦੀ ਮੰਮੀ ਦੀ ਹੱਤਿਆ ਕਰ ਦਿੱਤੀ ਗਈ ਹੈ। ਪੁਲਸ ਵੀ ਪਹਿਲਾਂ ਹੱਤਿਆ ਦੇ ਇਸ ਮਾਮਲੇ ਨੂੰ ਡਕੈਤੀ ਨਾਲ ਹੀ ਜੋੜ ਕੇ ਜਾਂਚ ਕਰ ਰਹੀ ਸੀ।