ਕਿਦਾਂਬੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਧੋਨੀ ਵਲੋਂ ਮਿਲਿਆ ਇਹ ਤੋਹਫਾ

05/20/2018 4:47:44 PM

ਨਵੀਂ ਦਿੱਲੀ— ਦੇਸ਼ ਦੇ ਚੋਟੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦਾ ਉਸ ਸਮੇਂ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਭਾਰਤੀ ਕ੍ਰਿਕਟਰ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਹਸਤਾਖਰ ਵਾਲਾ ਬੱਲਾ ਤੋਹਫੇ 'ਚ ਮਿਲਿਆ। ਸ਼੍ਰੀਕਾਂਤ ਧੋਨੀ ਦੇ ਵੱਡੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਨੇ ਬੀ.ਸੀ.ਸੀ.ਆਈ. ਦੇ ਚੋਣ ਕਮੇਟੀ ਦੇ ਪ੍ਰਧਾਨ ਐੱਮ.ਐੱਸ.ਕੇ. ਪ੍ਰਸ਼ਾਦ ਤੋਂ ਧੋਨੀ ਦੇ ਹਸਤਾਖਰ ਵਾਲੇ ਬੱਲੇ ਦੀ ਮੰਗ ਕੀਤੀ ਸੀ। ਪ੍ਰਸਾਦ ਨੇ ਕਿਹਾ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕਿਦਾਂਬੀ ਸ਼੍ਰੀਕਾਂਤ ਗੁੰਟੂਰ ਮੇਰੇ ਬਚਪਨ ਦੇ ਨਾਇਕ ਕਿੱਟੂ ਚਾਚਾ ਦੇ ਪੁੱਤਰ ਹਨ ਜਿਨ੍ਹਾਂ ਮੈਨੂੰ ਖੇਡਣ ਲਈ ਪ੍ਰੇਰਿਤ ਕੀਤਾ ਸੀ। ਉਨ੍ਹਾਂ ਕਿਹਾ, ਸ਼੍ਰੀਕਾਂਤ ਧੋਨੀ ਦੇ ਵੱਡੇ ਪ੍ਰਸ਼ੰਸਕ ਹਨ। ਉਨ੍ਹਾਂ ਇਕ ਦਿਨ ਮੇਰੇ ਤੋਂ ਧੋਨੀ ਦੇ ਹਸਤਾਖਰ ਵਾਲੇ ਬੱਲੇ ਦੀ ਮੰਗ ਕੀਤੀ ਸੀ। ਜਿਸ 'ਤੇ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਉਹ ਬੈਡਮਿੰਟਨ ਦੇ ਚੋਟੀ ਰੈਂਕਿੰਗ 'ਤੇ ਪਹੁੰਚਣਗੇ ਤਾਂ ਉਨ੍ਹਾਂ ਨੂੰ ਇਹ ਤੋਹਫਾ ਮਿਲੇਗਾ। ਪ੍ਰਸਾਦ ਨੇ ਕੱਲ ਹੈਦਰਾਬਾਦ ਸਥਿਤ ਪੁਲੇਲਾ ਗੋਪੀਚੰਦ ਅਕੈਡਮੀ 'ਚ ਸ਼੍ਰੀਕਾਂਤ ਨੂੰ ਇਹ ਬੱਲਾ ਦਿੱਤਾ। ਪ੍ਰਸਾਦ ਨੇ ਕਿਹਾ, ਜਦੋਂ ਉਨ੍ਹਾਂ ਨੇ ਧੋਨੀ ਨੂੰ ਸ਼੍ਰੀਕਾਂਤ ਦੀ ਖੁਆਈਸ਼ ਬਾਰੇ ਦੱਸਿਆ ਤਾਂ ਧੋਨੀ ਖੁਸ਼ੀ ਨਾਲ ਇਸ ਦੇ ਲਈ ਤਿਆਰ ਹੋ ਗਏ। ਉਨ੍ਹਾਂ ਕਿਹਾ ਧੋਨੀ ਨੇ ਮੇਰੇ ਘਰ ਸ਼੍ਰੀਕਾਂਤ ਲਈ ਬੱਲਾ ਭੇਜਿਆ ਜਿਸ 'ਤੇ ਉਨ੍ਹਾਂ ਦਾ ਆਟੋਗ੍ਰਾਫ ਸੀ।