ਨਸ਼ਿਆਂ ਖਿਲਾਫ ਮੁਹਿੰਮ ਨੂੰ ਸ਼ਾਜਗਾਰ ਬਣਾਉਣ ਲਈ ਕਮਲਜੀਤ ਨੇ ਸਿੱਧੂ ਨਾਲ ਕੀਤੀ ਚਰਚਾ

05/25/2018 4:15:11 PM

ਬਾਘਾਪੁਰਾਣਾ (ਚਟਾਨੀ) - ਪੰਜਾਬ ਦੀ ਲੀਹੋ ਲੱਥ ਚੁੱਕੀ ਜ਼ਵਾਨੀ ਨੂੰ ਮੁੜ ਲੀਹ 'ਤੇ ਲਿਆਉਣ ਲਈ ਜਵਾਨਾਂ ਨੂੰ ਅੱਗੇ ਆਉਣਾ ਪਵੇਗਾ ਅਤੇ ਕਾਂਗਰਸ ਪਾਰਟੀ ਦਾ ਯੂਥ ਵਿੰਗ ਇਸ ਮਕਸ਼ਦ ਦੀ ਪੂਰਤੀ ਲਈ ਪੂਰੀ ਤਰਾਂ ਸਮਰੱਥ ਹੈ ਜਿਸ ਨੂੰ ਪਾਰਟੀ ਵਲੋਂ ਹਰੇਕ ਪੱਧਰ 'ਤੇ ਪੂਰਾ ਸਹਿਯੋਗ ਦੇ ਕੇ ਨੌਜਵਾਨਾਂ ਲਈ ਖੁਸ਼ਹਾਲੀ ਦਾ ਹਰੇਕ ਰਾਹ ਪੱਧਰਾ ਕੀਤਾ ਜਾਵੇਗਾ। ਇਹ ਗੱਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਨਾਲ ਨਸ਼ਿਆ ਖਿਲਾਫ ਨਿਵੇਕਲੀ ਮੁਹਿੰਮ ਦੇ ਅਗਾਜ਼ ਸਬੰਧੀ ਵਿਚਾਰ ਚਰਚਾ ਦੌਰਾਨ ਆਖੀ। 
ਇਸ ਦੌਰਾਨ ਕਮਲਜੀਤ ਸਿੰਘ ਬਰਾੜ ਜੋ ਮਾਲਵੇ ਅੰਦਰ ਨਸ਼ਿਆਂ ਦੇ ਦਰਿਆ ਨੂੰ ਠੱਲਣ ਲਈ ਇਕ ਵਫਦ ਇਕ ਦਹਾਕੇ ਤੋਂ ਸਰਗਰਮ ਹਨ, ਦੀ ਪਿੱਠ ਥਾਪੜਦਿਆਂ ਸਿੱਧੂ ਨੇ ਕਿਹਾ ਕਿ ਪਾਰਟੀ ਦੇ ਉਦਮੀ ਜਵਾਨਾਂ ਤੋਂ ਹੀ ਸਮਾਜਿਕ ਬੁਰਾਈਆਂ ਨੂੰ ਜੜੋਂ ਖਤਮ ਕਰਨ ਦੀ ਵੱਡੀ ਆਸ ਹੈ। ਸਿੱਧੂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਦੇ ਕੁਸ਼ਾਸ਼ਨ ਦਾ ਹੀ ਸਿੱਟਾ ਹੈ ਕਿ ਜਵਾਨੀ ਅਤੇ ਕਿਰਸਾਨੀ ਦੋਨੋਂ ਹੀ ਡੁੱਬਣ ਦੇ ਕਾਗਾਰ ਉਪਰ ਪੁੱਜ ਚੁੱਕੇ ਹਨ ਪਰ ਕਾਂਗਰਸ ਪਾਰਟੀ ਦਾ ਦਾਅਵਾ ਹੈ ਕਿ ਉਹ ਇੰਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਸੁਰੱੱਖਿਅਤ ਜ਼ੋਨ ਵਿਚ ਪੁੱਜਦਾ ਕਰੇਗੀ। ਸਿੱਧੂ ਨੇ ਹਿੱਕ ਥਾਪੜਦਿਆਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਨੂੰ ਪ੍ਰਫੁਲਤ ਕਰਨ ਵਾਲੇ ਅਕਾਲੀ ਨੇਤਾਵਾਂ ਨੂੰ ਕਾਂਗਰਸ ਸਰਕਾਰ ਕਿਸੇ ਵੀ ਕੀਮਤ 'ਤੇ ਬਖਸ਼ੇਗੀ ਨਹੀਂ। 
ਇਸ ਦੌਰਾਨ ਕਾਂਗਰਸ ਪਾਰਟੀ ਦੇ ਯੂਥ ਵਿੰਗ ਤੋਂ ਇਲਾਵਾ ਸ੍ਰੀ ਸਿੱਧੂ ਨੇ ਪੰਜਾਬ ਦੇ ਹਰੇਕ ਉਸ ਉਦਮੀ ਨੂੰ ਨਸ਼ਿਆਂ ਖਿਲਾਫ ਡਟਣ ਦਾ ਸੱਦਾ ਦਿੱਤਾ ਜੋ ਨਿੱਗਰ ਅਤੇ ਸਿਹਤਮੰਦ ਸਮਾਜ ਦਾ ਹਾਮੀ ਹੈ। ਇਸ ਮੌਕੇ ਕਮਲਜੀਤ ਸਿੰਘ ਬਰਾੜ ਨੇ ਨਵਜੋਤ ਸਿੰਘ ਸਿੱਧੂ ਨਾਲ ਕਈ ਹੋਰਨਾਂ ਮੁੱਦਿਆਂ 'ਤੇ ਵੀ ਗੰਭੀਰ ਵਿਚਾਰ ਚਰਚਾ ਕੀਤੀ। ਕਮਲਜੀਤ ਨੇ ਕਿਹਾ ਕਿ ਮਾਲਵੇ ਵਿਚ ਕਿਸੇ ਕੇਂਦਰੀ ਥਾਂ 'ਤੇ ਨਸ਼ਿਆਂ ਵੱਡਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਅਤੇ ਸਿੱਧੂ ਨੂੰ ਸੈਮੀਨਾਰ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਉਹ ਅਪੀਲ ਕਰਨਗੇ।