ਐੱਨ. ਆਰ. ਆਈਜ਼ ਨੇ ਕੀਤੀ ਕਬੱਡੀ ਨੂੰ ਟੋਕੀਓ ਓਲੰਪਿਕ ''ਚ ਸ਼ਾਮਲ ਕਰਨ ਦੀ ਮੰਗ

05/11/2018 11:38:28 AM

ਕਪੂਰਥਲਾ (ਭੂਸ਼ਣ) —ਕਬੱਡੀ ਜਿਥੇ ਪੰਜਾਬ ਦੀ ਸਭ ਤੋਂ ਵੱਡੀ ਖੇਡ ਹੈ, ਉਥੇ ਹੀ ਕਪੂਰਥਲਾ ਜ਼ਿਲੇ ਨੂੰ ਇਸ ਖੇਤਰ 'ਚ ਇਕ ਨਰਸਰੀ ਮੰਨਿਆ ਜਾਂਦਾ ਹੈ। ਜ਼ਿਲੇ ਨਾਲ ਸਬੰਧਤ ਕਈ ਖਿਡਾਰੀਆਂ ਨੇ ਦੇਸ਼ ਅਤੇ ਵਿਦੇਸ਼ਾਂ 'ਚ ਕਬੱਡੀ ਖੇਡ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਜ਼ਿਲੇ ਦਾ ਨਾਂ ਰੌਸ਼ਨ ਕੀਤਾ ਹੈ। ਕੈਨੇਡਾ ਦੇ ਕਈ ਵੱਡੇ ਸ਼ਹਿਰਾਂ ਵਿਚ ਜ਼ਿਲੇ ਨਾਲ ਸਬੰਧਤ ਅਜਿਹੇ ਵੱਡੀ ਗਿਣਤੀ 'ਚ ਕਬੱਡੀ ਪ੍ਰੇਮੀ ਰਹਿੰਦੇ ਹਨ, ਜੋ ਇਸ ਖੇਡ ਨਾਲ ਪਿਆਰ ਕਰਦੇ ਹਨ। ਹੁਣ ਇਨ੍ਹਾਂ ਦੇਸ਼ਾਂ 'ਚ ਰਹਿੰਦੇ ਇਨ੍ਹਾਂ ਖੇਡ ਪ੍ਰੇਮੀਆਂ ਵੱਲੋਂ ਸਾਲ 2020 'ਚ ਜਾਪਾਨ ਦੀ ਰਾਜਧਾਨੀ ਟੋਕੀਓ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਕਬੱਡੀ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਨਿਵਾਸੀ ਅਤੇ ਪ੍ਰਸਿੱਧ ਹੋਟਲ ਕਾਰੋਬਾਰੀ ਗੁਰਬੀਰ ਸਿੰਘ ਚਾਹਲ ਦਾ ਕਹਿਣਾ ਹੈ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਜ਼ਿਲਾ ਕਪੂਰਥਲਾ ਕਬੱਡੀ ਦੇ ਖੇਤਰ 'ਚ ਪੂਰੀ ਦੁਨੀਆ 'ਚ ਇਕ ਵਿਸ਼ੇਸ਼ ਸਥਾਨ ਰੱਖਦਾ ਹੈ।
 ਉਨ੍ਹਾਂ ਕਿਹਾ ਕਿ ਕਪੂਰਥਲਾ ਜ਼ਿਲੇ ਦੇ ਖਿਡਾਰੀਆਂ ਨੇ ਕਬੱਡੀ ਦੇ ਖੇਤਰ 'ਚ ਬੇਹੱਦ ਵੱਡੇ ਯੋਗਦਾਨ ਪਾਏ ਹਨ। ਹੁਣ ਭਾਰਤ ਸਰਕਾਰ ਨੂੰ ਕਬੱਡੀ ਨੂੰ ਓਲੰਪਿਕ ਵਿਚ ਸ਼ਾਮਲ ਕਰਨ ਲਈ ਪੂਰੇ ਉਪਰਾਲੇ ਕਰਨੇ ਚਾਹੀਦੇ ਹਨ। ਉਥੇ ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਨਿਵਾਸੀ ਅਤੇ ਪ੍ਰਸਿੱਧ ਬਿਲਡਰ ਗੁਰਬੀਰ ਸਿੰਘ ਪੱਡਾ ਦਾ ਕਹਿਣਾ ਹੈ ਕਿ ਕਬੱਡੀ ਨੇ ਸਾਡੇ ਸੂਬੇ ਨੂੰ ਸਾਰੀ ਦੁਨੀਆ ਵਿਚ ਇਕ ਵੱਖਰੀ ਪਛਾਣ ਦਿੱਤੀ ਹੈ ਅਤੇ ਸਾਡੇ ਖਿਡਾਰੀਆਂ ਨੇ ਕੈਨੇਡਾ ਅਤੇ ਅਮਰੀਕਾ ਵਿਚ ਚੰਗਾ ਨਾਂ ਕਮਾਇਆ ਹੈ। ਹੁਣ ਭਾਰਤ ਅਤੇ ਪੰਜਾਬ ਸਰਕਾਰ ਨੂੰ ਸਾਡੀ ਮਾਂ ਖੇਡ ਨੂੰ ਓਲੰਪਿਕ ਵਿਚ ਸ਼ਾਮਲ ਕਰਵਾਉਣ ਲਈ ਪੂਰਾ ਜ਼ੋਰ ਲਾਉਣਾ ਚਾਹੀਦਾ ਹੈ।
ਵੈਨਕੂਵਰ ਸ਼ਹਿਰ ਦੇ ਪ੍ਰਸਿੱਧ ਪ੍ਰਾਪਰਟੀ ਕਾਰੋਬਾਰੀ ਅੰਮ੍ਰਿਤਪਾਲ ਸਿੰਘ ਜੱਗਾ ਨੇ ਕਿਹਾ ਕਿ ਅਸੀਂ ਬਚਪਨ ਤੋਂ ਹੀ ਕਬੱਡੀ ਖੇਡ ਨਾਲ ਪਿਆਰ ਕਰਦੇ ਆ ਰਹੇ ਹਾਂ ਅਤੇ ਇਸ ਖੇਡ ਸਦਕਾ ਸਾਡੇ ਕਪੂਰਥਲਾ ਜ਼ਿਲੇ ਨੂੰ ਦੁਨੀਆ ਭਰ ਵਿਚ ਬੇਹੱਦ ਮਾਣ ਮਿਲਿਆ ਹੈ, ਇਸ ਲਈ ਇਸ ਖੇਡ ਨੂੰ ਓਲੰਪਿਕ ਵਿਚ ਜ਼ਰੂਰ ਸ਼ਾਮਲ ਕਰਵਾਉਣਾ ਚਾਹੀਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਦੇ ਸਾਬਕਾ ਕਾਮਨਵੈਲਥ ਚੈਂਪੀਅਨ ਸੁਖਬੀਰ ਸਿੰਘ ਬਡਿੰਗ ਦਾ ਕਹਿਣਾ ਸੀ ਕਿ ਕਬੱਡੀ ਨੇ ਸਾਡੇ ਸੂਬੇ ਨੂੰ ਦੁਨੀਆ ਭਰ 'ਚ ਬੇਹੱਦ ਸ਼ਾਨਦਾਰ ਪਛਾਣ ਦਿੱਤੀ ਹੈ। ਹੁਣ ਸਾਡੀ ਸਾਰਿਆਂ ਦੀ ਇੱਛਾ ਹੈ ਕਿ ਇਸ ਮਾਂ ਖੇਡ ਨੂੰ 2020 'ਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਸ਼ਾਮਲ ਕੀਤਾ ਜਾਵੇ।