ਨਿਊਜ਼ੀਅਮ ਨੇ ਲੰਕੇਸ਼, ਭੌਮਿਕ ਸਮੇਤ ਸਾਲ 2017 ''ਚ ਮਾਰੇ ਗਏ 18 ਪੱਤਰਕਾਰਾਂ ਨੂੰ ਕੀਤਾ ਯਾਦ

Tuesday, Jun 05, 2018 - 10:14 AM (IST)

ਨਿਊਜ਼ੀਅਮ ਨੇ ਲੰਕੇਸ਼, ਭੌਮਿਕ ਸਮੇਤ ਸਾਲ 2017 ''ਚ ਮਾਰੇ ਗਏ 18 ਪੱਤਰਕਾਰਾਂ ਨੂੰ ਕੀਤਾ ਯਾਦ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਵਾਸ਼ਿੰਗਟਨ ਨਿਊਜ਼ੀਅਮ ਨੇ ਇਕ ਸਮਾਰੋਹ ਵਿਚ ਸਾਲ 2017 ਵਿਚ ਮਾਰੇ ਗਏ ਦੋ ਭਾਰਤੀ ਪੱਤਰਕਾਰਾਂ ਗੌਰੀ ਲੰਕੇਸ਼ ਅਤੇ ਸੁਦੀਪ ਦੱਤਾ ਭੌਮਿਕ ਸਮੇਤ ਵੱਖ-ਵੱਖ ਦੇਸ਼ਾਂ ਦੇ 18 ਮਰਹੂਮ ਮੀਡੀਆ ਕਰਮਚਾਰੀਆਂ ਨੂੰ 'ਜਰਨਲਿਸਟ ਮੈਮੋਰੀਅਲ' ਵਿਚ ਸ਼ਾਮਲ ਕੀਤਾ। ਆਜ਼ਾਦਾ ਪ੍ਰੈੱਸ ਦੇ ਮਹੱਤਵ ਨੂੰ ਸਮਝਣ ਲਈ ਨਿਊਜ਼ੀਅਮ ਇਕ ਅਜਾਇਬ ਘਰ ਹਰ ਸਾਲ ਕੁਝ ਪੱਤਰਕਾਰਾਂ ਦੀ ਚੋਣ ਕਰਦਾ ਹੈ, ਜਿਨ੍ਹਾਂ ਨੂੰ ਸਮਾਰਿਕਾ ਵਿਚ ਸ਼ਾਮਲ ਕੀਤਾ ਜਾਂਦਾ ਹੈ। ਇਨ੍ਹਾਂ ਪੱਤਰਕਾਰਾਂ ਦੀ ਹੱਤਿਆ ਪੂਰੀ ਦੁਨੀਆ ਵਿਚ ਮੀਡੀਆ ਕਰਮਚਾਰੀਆਂ ਵੱਲੋਂ ਉਠਾਏ ਜਾਣ ਵਾਲੇ ਖਤਰਿਆਂ ਨੂੰ ਦਰਸਾਉਂਦੀ ਹੈ। ਇਸ ਸਾਲ ਸਮਾਰਿਕਾ ਵਿਚ ਸ਼ਾਮਲ ਕੀਤੇ ਗਏ 18 ਨਾਂਵਾਂ ਵਿਚੋਂ 8 ਔਰਤਾਂ ਹਨ। 
ਨਿਊਜ਼ੀਅਮ ਨੇ ਇਕ ਸੰਖੇਪ ਵੇਰਵੇ ਵਿਚ ਕਿਹਾ,''ਗੌਰੀ ਲੰਕੇਸ਼ (55) ਪੂਰੇ ਭਾਰਤ ਵਿਚ ਜਾਤੀਵਾਦ ਅਤੇ ਹਿੰਦੂ ਅੱਤਵਾਦ ਵਿਰੁੱਧ ਆਪਣੇ ਮੋਹਰੀ ਲੇਖਾਂ ਲਈ ਪ੍ਰਸਿੱਧ ਸੀ।'' ਵੇਰਵੇ ਵਿਚ ਲਿਖਿਆ ਹੈ ਕਿ 5 ਸਤੰਬਰ 2017 ਨੂੰ ਗੌਰੀ ਆਪਣੇ ਘਰ ਦੇ ਮੁੱਖ ਦਰਵਾਜੇ ਤੋਂ ਕੁਝ ਕਦਮ ਦੂਰੀ 'ਤੇ ਖੜ੍ਹੀ ਸੀ। ਉਸੇ ਵੇਲੇ ਕੁਝ ਬਾਈਕ ਸਵਾਰ ਬਦਮਾਸ਼ ਉੱਥੇ ਆ ਕੇ ਰੁਕੇ ਅਤੇ ਉਨ੍ਹਾਂ ਦੀ ਛਾਤੀ ਤੇ ਪੇਟ ਵਿਚ ਗੋਲੀਆਂ ਮਾਰੀਆਂ। ਗੌਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨਿਊਜ਼ੀਅਮ ਨੇ ਕਿਹਾ ਹੈ,''ਕਾਰਕੁੰਨ ਅਤੇ ਆਪਣੀ ਹਫਤਾਵਰੀ ਪਤੱਰਿਕਾ 'ਗੌਰੀ ਲੰਕੇਸ਼ ਪਤੱਰਿਕੇ' ਦੀ ਸੰਪਾਦਕ ਗੌਰੀ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਹਿੰਦੂ ਰਾਸ਼ਰਟਵਾਦੀ ਏਜੰਡੇ ਦੀ ਆਲੋਚਨਾ ਕਰਦੀ ਸੀ। ਗੌਰੀ ਦੀ ਹੱਤਿਆ ਦਾ ਪੂਰੇ ਦੇਸ਼ ਵਿਚ ਵਿਰੋਧ ਹੋਇਆ। ਉਨ੍ਹਾਂ ਦੀ ਹੱਤਿਆ ਦੇ ਮਾਮਲੇ ਵਿਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਹੋਇਆ ਹੈ।'' 
ਸੁਦੀਪ ਦੱਤਾ ਭੌਮਿਕ ਦੇ ਬਾਰੇ ਵਿਚ ਨਿਊਜ਼ੀਅਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤ੍ਰਿਪੁਰਾ ਦੇ ਸਥਾਨਕ ਅਖਬਾਰ ਲਈ 'ਪੁਲਸ ਵਿਚ ਭ੍ਰਿਸ਼ਟਾਚਾਰ' ਮਾਮਲੇ ਦੀ ਛਾਣਬੀਣ ਕੀਤੀ ਸੀ। ਭੌਮਿਕ ਨੂੰ 21 ਨਵੰਬਰ 2017 ਨੂੰ ਅਰਧ ਫੌਜੀ ਬਲ ਦੇ ਸ਼ਥਾਨਕ ਪ੍ਰਮੁੱਖ ਤਾਪਨ ਦੇਬ ਬਰਮਾ ਨੂੰ ਮਿਲਣ ਲਈ ਕਿਹਾ ਗਿਆ। ਇਸ ਤੋ ਇਕ ਹਫਤਾ ਪਹਿਲਾਂ ਹੀ ਭੌਮਿਕ ਨੇ ਬਲ ਅੰਦਰ 'ਭ੍ਰਿਸ਼ਟਾਚਾਰ' ਦੇ ਬਾਰੇ ਵਿਚ ਲੇਖ ਲਿਖਿਆ ਸੀ। ਮੁਲਾਕਾਤ ਦੌਰਾਨ ਭੌਮਿਕ ਅਤੇ ਦੇਬ ਬਰਮਾ ਵਿਚ ਬਹਿਸ ਹੋ ਗਈ। ਭੌਮਿਕ ਦੇ ਸੰਪਾਦਕ ਦੇ ਹਵਾਲੇ ਨਾਲ ਨਿਊਜ਼ੀਅਮ ਨੇ ਕਿਹਾ,''ਸੁਦੀਪ ਦਾ ਇਕੋਇਕ ਅਪਰਾਧ ਇਹ ਸੀ ਕਿ ਉਸ ਨੇ ਕਈ ਵਿੱਤੀ ਬੋਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਖੁਲਾਸਾ ਕੀਤਾ ਸੀ। ਜਿਨ੍ਹਾਂ ਵਿਚ ਦੇਬ ਬਰਮਾ ਵੀ ਸ਼ਾਮਲ ਸੀ।'' ਉਸ ਨੇ ਕਿਹਾ ਕਿ ਭੌਮਿਕ ਦੀ ਹੱਤਿਆ ਦੇ ਮਾਮਲੇ ਵਿਚ ਦੇਬ ਬਰਮਾ ਅਤੇ ਉਨ੍ਹਾਂ ਦੇ ਬੌਡੀਗਾਰਡ ਵਿਰੁੱਧ ਮਾਮਲਾ ਦਰਜ ਹੋਇਆ ਹੈ।


Related News