''''ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ''''”ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਸਿਡਨੀ

05/26/2018 8:02:01 PM

ਸਿਡਨੀ/ਬਲੈਕ ਟਾਊਨ (ਚਾਂਦਪੁਰੀ)— ਅੱਜ ਆਸਟਰੇਲੀਆ ਦੇ ਸਿਡਨੀ ਸ਼ਹਿਰ ਦੇ ਬਲੈਕ ਟਾਊਨ 'ਚ ਸਿੱਖ ਐਸੋਸੀਏਸ਼ਨ ਆਫ ਆਸਟਰੇਲੀਆ ਵੱਲੋਂ ਪਰੇਡ ਕਰਵਾਈ ਗਈ। ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਿੱਸਾ ਲਿਆ। ਇਹ ਪਰੇਡ ਸਿੱਖ ਧਰਮ ਦੀ ਅਖੰਡਤਾ ਨੂੰ ਦਰਸਾਉਂਦੀ ਹੈ। ਸਿੱਖ ਪਰੇਡ 'ਚ ਨਿਹੰਗ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਗਏ। ਸਿੱਖ ਪਰੇਡ ਦੌਰਾਨ ਬਲੈਕ ਟਾਊਨ ਦਾ ਮਾਹੌਲ ਪੰਜਾਬ ਵਰਗਾ ਹੀ ਬਣਿਆਂ ਹੋਇਆਂ ਸੀ। ਇਸ ਦੌਰਾਨ ਸਾਰਾ ਸਿਡਨੀ ਸ਼ਹਿਰ ''ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ'' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਗੁਰਦੁਆਰਾ ਗਲੇਨਵੁੱਡ ਸਾਹਿਬ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਜਸਵੀਰ ਸਿੰਘ ਨੇ ਜੱਗਬਾਣੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਿੱਖ ਪਰੇਡ ਜੋ ਕਿ ਸਿੱਖ ਐਸੋਸੀਏਸ਼ਨ ਆਫ ਆਸਟਰੇਲੀਆ ਵੱਲੋਂ ਕਰਵਾਈ ਗਈ, ਜਿਸ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ।
ਉਨਾਂ ਕਿਹਾ ਕਿ 1,25,000 ਦੇ ਕਰੀਬ ਸਿੱਖ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਰਹਿ ਰਹੇ ਹਨ।ਆਸਟਰੇਲੀਆ ਦੀ ਅਰਥ-ਵਿਵਸਥਾ 'ਚ ਸਿੱਖਾਂ ਦਾ ਯੋਗਦਾਨ ਕਿਤੇ ਵੱਧ ਹੈ ਸਿੱਖ ਭਾਈਚਾਰੇ ਦੇ ਲੋਕ ਹਰ ਇਕ ਖੇਤਰ 'ਚ ਜਿਵੇਂ ਸਾਇੰਸ ਟੈਕਨੌਲਜੀ, ਇੰਨਫੋਰਮੇਸ਼ਨ ਟੈਕਨੌਲਜੀ, ਮੈਡੀਸੀਨ ਅਤੇ ਵਿਸ਼ੇਸ਼ ਕਰਕੇ ਐਗਰੀਕਲਚਰ ਦੇ ਖੇਤਰ 'ਚ ਆਪਣਾ ਵਡਮੁੱਲਾ ਯੋਗਦਾਨ ਦੇ ਰਹੇ ਹਨ। ਆਸਟਰੇਲੀਆ ਦੇ ਰੂਰਲ ਏਰੀਆ ਨੂੰ ਵੀ ਪੰਜਾਬੀਆਂ ਵੱਲੋਂ ਆਬਾਦ ਕਰਨ 'ਚ ਆਪਣਾ ਯੋਗਦਾਨ ਦਿੱਤਾ ਗਿਆ ਹੈ। ਬਹੁਤ ਸਾਰੇ ਪੰਜਾਬੀ ਆਸਟਰੇਲੀਆ ਦੇ ਪਿਛੜੇ ਖੇਤਰਾਂ 'ਚ ਜਿਵੇਂ ਵੂਲਗੂਲਗਾ,ਕੋਫਸ ਹਾਰਬਰ,ਗਰਿਫਥ ਰਿਵਰਲੈਂਡ 'ਚ ਰਹਿ ਕਿ ਖੇਤੀ, ਡੇਅਰੀ ਤੇ ਹੋਰ ਧੰਦੇ ਕਰਦੇ ਹਨ। ਪੰਜਾਬੀ ਜਿਥੇ ਵੀ ਗਏ ਉਥੇ ਆਪਣੀ ਮਿਹਨਤ ਦੇ ਨਾਲ ਸਫਲ ਹੋਏ ਹਨ।