ਮੈਂ ਆਪਣੀ ਰਣਨੀਤੀ ''ਤੇ ਅਡਿਗ ਰਿਹਾ : ਬੁਮਰਾਹ

05/17/2018 3:47:19 PM

ਮੁੰਬਈ (ਬਿਊਰੋ)— ਆਈ.ਪੀ.ਐੱਲ. 2018 ਦੇ ਬੁੱਧਵਾਰ ਨੂੰ ਖੇਡੇ ਗਏ ਮੈਚ 'ਚ ਕਿੰਗਜ਼ ਇਲੈਵਨ ਪੰਜਾਬ 'ਤੇ ਮਿਲੀ ਜਿੱਤ ਦੇ ਬਾਅਦ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਹੁਤ ਖੁਸ਼ ਸਨ। ਬੁਮਰਾਹ ਨੇ ਕਿਹਾ ਕਿ ਲੋਕੇਸ਼ ਰਾਹੁਲ ਜਿਹੇ ਫਾਰਮ 'ਚ ਚਲ ਰਹੇ ਬੱਲੇਬਾਜ਼ਾਂ ਦੇ ਖਿਲਾਫ ਸਪੱਸ਼ਟ ਰਣਨੀਤੀ ਅਪਣਾਉਣ ਅਤੇ ਉਸ 'ਤੇ ਅਮਲ ਕਰਨ ਦਾ ਉਨ੍ਹਾਂ ਨੂੰ ਫਾਇਦਾ ਮਿਲਿਆ। ਬੁਮਰਾਹ ਨੇ ਤਿੰਨ ਅਹਿਮ ਵਿਕਟ ਲਏ ਜਿਸ ਦੀ ਬਦੌਲਤ ਇਹ ਮੈਚ ਜਿੱਤ ਕੇ ਮੁੰਬਈ ਨੇ ਪਲੇਆਫ 'ਚ ਪ੍ਰਵੇਸ਼ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ।

ਮੈਚ ਦੇ ਬਾਅਦ ਉਸ ਨੇ ਕਿਹਾ, ''ਗੇਂਦਬਾਜ਼ੀ ਕਰਦੇ ਸਮੇਂ ਸਪੱਸ਼ਟ ਰਣਨੀਤੀ ਬਣਾਉਣਾ ਬੇਹੱਦ ਜ਼ਰੂਰੀ ਹੈ। ਮੈਂ ਉਹ ਬਣਾਈ ਅਤੇ ਉਸ 'ਤੇ ਅਮਲ ਕੀਤਾ ਲਿਹਾਜ਼ਾ ਉਸ ਦਾ ਫਾਇਦਾ ਮਿਲਿਆ।'' ਬੁਮਰਾਹ ਨੇ ਕਿਹਾ, ''ਸਾਨੂੰ ਪਤਾ ਹੈ ਕਿ ਰਾਹੁਲ ਬਿਹਤਰੀਨ ਫਾਰਮ 'ਚ ਹੈ। ਗੇਂਦਬਾਜ਼ਾਂ ਦੀ ਬੈਠਕ 'ਚ ਅਸੀਂ ਸਾਰੇ ਬੱਲੇਬਾਜ਼ਾਂ 'ਤੇ ਗੱਲ ਕਰਦੇ ਹਾਂ। ਅਸੀਂ ਦੂਜੀ ਪਾਰੀ 'ਚ ਗੇਂਦਬਾਜ਼ੀ ਕਰ ਰਹੇ ਸੀ ਅਤੇ ਮੈਂ ਗੇਂਦਬਾਜ਼ੀ ਕੋਚ ਸ਼ੇਨ ਬਾਂਡ ਅਤੇ ਮੇਂਟਰ ਲਸਿਥ ਮਲਿੰਗਾ ਨਾਲ ਗੱਲ ਕੀਤੀ।''

ਰਾਹੁਲ 64 ਗੇਂਦਾਂ 'ਚ 94 ਦੌੜਾਂ ਬਣਾਕੇ ਟੀਮ ਨੂੰ ਜਿੱਤ ਦੇ ਕਰੀਬ ਲੈ ਜਾ ਰਹੇ ਸਨ ਪਰ ਬੁਮਰਾਹ ਨੇ ਉਨ੍ਹਾਂ ਨੂੰ ਉਸ ਸਮੇਂ ਆਊਟ ਕਰ ਦਿੱਤਾ ਜਦੋਂ 20 ਦੌੜਾਂ ਦੀ ਜ਼ਰੂਰਤ ਸੀ। ਬੁਮਰਾਹ ਨੇ ਕਿਹਾ, ''ਮੈਂ ਇਸ 'ਤੇ ਫੋਕਸ ਨਹੀਂ ਕਰ ਰਿਹਾ ਸੀ ਕਿ ਕੌਣ ਡਰਿਆ ਹੋਇਆ ਹੈ ਅਤੇ ਕੌਣ ਨਹੀਂ। ਮੇਰਾ ਫੋਕਸ ਬਸ ਇੰਨਾ ਸੀ ਕਿ ਮੈਨੂੰ ਕੀ ਕਰਨਾ ਹੈ। ਮੈਂ ਆਪਣਾ ਧਿਆਨ ਭਟਕਣ ਨਹੀਂ ਦਿੱਤਾ। ਕਈ ਵਾਰ ਸਪੱਸ਼ਟ ਰਣਨੀਤੀ ਰਖਣ ਦਾ ਫਾਇਦਾ ਮਿਲਦਾ ਹੈ ਅਤੇ ਕਈ ਵਾਰ ਨਹੀਂ।''