6 ਜੂਨ ਨੂੰ ਪੰਜਾਬ ''ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ: ਕਟਾਰੀਆ

06/04/2018 6:32:12 PM

ਕਪੂਰਥਲਾ (ਜ.ਬ)— ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ (ਕਾਲਾ) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਤੋਂ ਮੰਗ ਕੀਤੀ ਹੈ ਕਿ 6 ਜੂਨ ਨੂੰ ਪੰਜਾਬ 'ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਕੁਝ ਦੇਸ਼ ਅਤੇ ਸਮਾਜ ਵਿਰੋਧੀ ਅਨਸਰ ਨਿਜੀ ਸੁਆਰਥਾਂ ਦੀ ਪੂਰਤੀ ਲਈ ਪੰਜਾਬ ਦੇ ਹਰ ਵਰਗ ਦੇ 25 ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਅੱਤਵਾਦੀਆਂ ਅਤੇ ਖਾਲਿਸਤਾਨ ਸਮੱਰਥਕਾਂ ਦੀ ਯਾਦ ਮਣਾਉਣ ਦੀ ਆੜ 'ਚ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਅਤੇ ਹਿੰਦੂ-ਸਿੱਖਾਂ ਦੀ ਆਪਸੀ ਸਾਂਝ ਅਤੇ ਪਿਆਰ 'ਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸਨ ਅਤੇ ਜਨਤਾ ਦਾ ਆਪਸੀ ਤਾਲਮੇਲ ਅਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਜਗਦੀਸ਼ ਕਟਾਰੀਆ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਸ਼ਿਵ ਸੈਨਾ (ਬਾਲ ਠਾਕਰੇ) ਸਾਰੇ ਭਾਈਚਾਰੇ ਦੇ ਲੋਕਾਂ ਅਤੇ ਧਰਮਾਂ ਦਾ ਦਿਲ ਦੀਆਂ ਡੂੰਘਾਈਆਂ ਤੋਂ ਮਾਨ-ਸਨਮਾਨ ਕਰਦੀ ਹੈ ਪਰ ਉਹ ਕਿਸੇ ਵੱਲੋਂ ਵੀ ਅੱਤਵਾਦੀਆਂ ਤੇ ਖਾਲਿਸਤਾਨ ਸਮੱਰਥਕਾਂ ਦਾ ਹੌਂਸਲਾ ਵਧਾਉਣ ਵਾਲੀ ਕਿਸੇ ਵੀ ਹਰਕਤ ਨੂੰ ਸਹਿਣ ਨਹੀਂ ਕਰ ਸਕਦੀ।