ਇਟਲੀ ਪੁਲਸ ਨੇ ਵੱਖ-ਵੱਖ ਮਾਮਲਿਆਂ ''ਚ 3 ਭਾਰਤੀਆਂ ਨੂੰ ਕੀਤਾ ਗ੍ਰਿਫਤਾਰ

05/26/2018 12:37:33 PM

ਰੋਮ (ਕੈਂਥ)— ਇਟਲੀ ਵਿਚ ਜਿਸ ਤਰ੍ਹਾਂ ਭਾਰਤੀ ਲੋਕਾਂ ਦੀ ਆਮਦ ਵਿਚ ਚੌਖਾ ਵਾਧਾ ਹੋ ਰਿਹਾ ਹੈ ਉਸ ਤਰ੍ਹਾਂ ਹੀ ਇਟਲੀ 'ਚ ਰਹਿੰਦੇ ਕੁੱਝ ਭਾਰਤੀਆਂ ਨੇ ਇਟਾਲੀਅਨ ਪੁਲਸ ਪ੍ਰਸ਼ਾਸ਼ਨ ਨੂੰ ਆਪਣਾ ਜ਼ੁਰਮੀ ਰੰਗ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਵਿਚ ਬੇਸ਼ੱਕ ਅਜਿਹੇ ਗੈਰ-ਕਾਨੂੰਨੀ ਕਾਰਵਾਈਆਂ ਕਰਨ ਵਾਲੇ ਬਹੁਤੇ ਭਾਰਤੀ ਇਸ ਸਮੇ ਜੇਲਾਂ ਵਿਚ ਬੈਠੇ ਆਪਣੇ ਸੁਨਿਹਰੀ ਭੱਵਿਖ ਨੂੰ ਜੰਗਾਲ ਲੁਆ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਹ ਭਾਰਤੀ ਨੌਜਵਾਨ ਆਪਣੇ ਅਪਰਾਧਾਂ 'ਤੇ ਰਤਾ ਵੀ ਸ਼ਰਮਸਾਰ ਨਹੀਂ ਹਨ। ਇਟਲੀ ਪੁਲਸ ਨੇ ਹਾਲ ਹੀ ਵਿਚ ਅਜਿਹੇ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਇਕ ਨੌਜਵਾਨ ਇਟਲੀ ਦੇ ਕਾਜਾਗੋ ਸ਼ਹਿਰ ਵਿਚ ਆਪਣੀ ਕਾਰ ਨਾਲ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਭਜਾ ਕੇ ਨਿਕਲਣ ਵਿਚ ਕਾਮਯਾਬ ਹੋ ਗਿਆ। ਪੁਲਸ ਦਸਤੇ ਵੱਲੋਂ ਤੁਰੰਤ ਇਸ ਵਿਅਕਤੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ। ਕੁਝ ਹੀ ਘੰਟਿਆਂ ਵਿਚ ਪੁਲਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੀ ਕਾਰ, ਸਮੇਤ ਇਸ ਭਾਰਤੀ ਨੌਜਵਾਨ ਨੂੰ ਲੱਭ ਲਿਆ। ਕਾਰ ਨੂੰ ਚਲਾਉਣ ਵਾਲੇ ਵਿਅਕਤੀ ਨੇ ਖੇਤਾਂ ਵਿਚ ਲਿਜਾ ਕੇ ਕਾਰ ਨੂੰ ਪਾਰਕ ਕਰ ਦਿੱਤਾ ਸੀ, ਜੋ ਕਿ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਕਾਰ ਚਲਾਉਣ ਵਾਲਾ ਨੌਜਵਾਨ ਵੀ ਉਸ ਸਮੇਂ ਉੱਥੇ ਮੌਜੂਦ ਸੀ ਅਤੇ ਉਸਦੀਆਂ ਸਰੀਰਕ ਗਤੀਵਿਧੀਆਂ ਦੱਸ ਰਹੀਆਂ ਸਨ ਕਿ ਉਹ ਆਪਣੀ ਹੋਸ਼ ਵਿਚ ਨਹੀਂ ਸੀ।
ਪ੍ਰਾਪਤ ਸਮਾਚਾਰ ਅਨੁਸਾਰ ਨੌਜਵਾਨ, ਕਾਜਾਗੋ ਦੇ ਅਵਾਸ ਸੈਂਟਰ ਵਿਚ ਤਿੰਨ ਕਾਰਾਂ ਨੂੰ ਨੁਕਸਾਨ ਪਹੁੰਚਾ ਕੇ, ਬਿਨਾਂ ਜ਼ਖਮੀ ਵਿਅਕਤੀਆਂ ਦੀ ਮਦਦ ਕੀਤੇ ਆਪਣੀ ਕਾਰ ਭਜਾ ਕੇ ਲੈ ਗਿਆ। ਹਾਦਸੇ ਤੋਂ ਤੁਰੰਤ ਬਾਅਦ ਪੁਲਸ ਵੱਲੋਂ ਇਸ ਨੂੰ ਲੱਭੇ ਜਾਣ ਉਪਰੰਤ ਇਸ ਨੇ ਪੁਲਸ ਵਾਲਿਆਂ ਨਾਲ ਵੀ ਹਮਲਾਵਰ ਪ੍ਰਤੀਕਰਮ ਪ੍ਰਗਟ ਕੀਤਾ। ਨੌਜਵਾਨ ਨੇ ਗੁੱਸੇ ਵਿਚ ਪੁਲਸ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਕੁੱਤੇ ਨੂੰ ਪੁਲਸ ਦੇ ਵਿਰੁੱਧ ਉਕਸਾਇਆ, ਕੁੱਤੇ ਨੇ ਇਕ ਪੁਲਸ ਕਰਮਚਾਰੀ ਉੱਪਰ ਹਮਲਾ ਕਰ ਕੇ ਉਸ ਨੂੰ ਵੱਢ ਲਿਆ।
ਹਾਦਸੇ ਨੂੰ ਅੰਜਾਮ ਦੇਣ ਵਾਲੇ ਇਸ 20 ਸਾਲਾ ਭਾਰਤੀ ਨੌਜਵਾਨ ਨੂੰ ਕੁਝ ਦਿਨ ਪਹਿਲਾਂ ਪੁਲਸ ਨੇ ਕਾਜਾਗੋ ਸਨ ਮਾਰਤੀਨੋ ਵਿਖੇ ਵੀ ਰੋਕਿਆ ਸੀ। ਨੌਜਵਾਨ ਨੂੰ ਜਨਤਕ ਸਥਾਨ ਉੱਤੇ ਗਲਤ ਤਰੀਕੇ ਨਾਲ ਵਾਹਨ ਚਲਾ ਕੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ, ਪੁਲਸ ਉੱਤੇ ਖੁਦ ਅਤੇ ਆਪਣੇ ਪਾਲਤੂ ਕੁੱਤੇ ਤੋਂ ਹਮਲਾ ਕਰਵਾਉਣ ਦੇ ਜੁਰਮ ਤਹਿਤ ਸਜਾ ਸੁਣਾਈ ਜਾਵੇਗੀ। ਇਸ ਤਰ੍ਹਾਂ ਹੀ ਦੋ ਹੋਰ ਭਾਰਤੀ ਨੌਜਵਾਨਾਂ ਨੂੰ ਪਾਦੋਵਾ ਵਿਖੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਹੋਣ ਵਾਲੇ ਟੈਸਟ ਵਿਚ ਨਕਲ ਕਰਨ ਲਈ ਗ੍ਰਿਫ਼ਤਾਰ ਕੀਤਾ ਹੈ। ਖ਼ਬਰ ਅਨੁਸਾਰ ਪੇਪਰਹਾਲ ਵਿਚ ਨਿਗਰਾਨੀ ਕਰ ਰਿਹਾ ਅਧਿਕਾਰੀ ਜਦੋਂ ਇਨ੍ਹਾਂ ਦੋ ਭਾਰਤੀ ਉਮੀਦਵਾਰਾਂ ਦੇ ਨੇੜ੍ਹੇ ਗਿਆ ਤਾਂ ਉਸ ਨੂੰ ਉਨ੍ਹਾਂ ਦਾ ਵਿਹਾਰ ਕੁਝ ਸ਼ੱਕੀ ਲੱਗਿਆ। ਅਧਿਕਾਰੀ ਨੇ ਮਹਿਸੂਸ ਕੀਤਾ ਕਿ ਇਹ ਵਿਅਕਤੀ ਕਿਸੇ ਇਲਕਟ੍ਰਾਨਿਕ ਉਪਕਰਣ ਦੀ ਵਰਤੋਂ ਕਰ ਰਹੇ ਹਨ। ਇਸ ਸ਼ੱਕ ਦੇ ਅਧਾਰ 'ਤੇ ਲਾਈਸੈਂਸ ਦੀ ਪ੍ਰੀਖਿਆ ਲੈਣ ਵਾਲੇ ਅਧਿਕਾਰੀਆਂ ਨੇ ਇਟਲੀ ਦੀ ਪੁਲਸ ਯੂਨਿਟ ਕਾਰਾਬਿਨੇਰੀ ਨੂੰ ਸੂਚਿਤ ਕੀਤਾ। ਸੂਚਨਾ ਪ੍ਰਾਪਤ ਹੋਣ 'ਤੇ ਕਾਰਾਬਿਨੇਰੀ ਪੁਲਸ ਨੇ ਇਸ ਦੀ ਛਾਣਬੀਣ ਕੀਤੀ।
ਅਸਲ ਵਿਚ, ਇਨ੍ਹਾਂ ਵਿਅਕਤੀਆਂ ਕੋਲੋਂ ਪੁਲਸ ਨੂੰ ਕੁਝ ਅਵਾਜਾਂ ਸੁਣਾਈ ਦਿੱਤੀਆਂ। ਇਹ ਭਾਰਤੀ ਵਿਅਕਤੀ ਬਲੂਟੁੱਥ ਦੀ ਵਰਤੋਂ ਕਰ ਰਹੇ ਸਨ। ਇਨ੍ਹਾਂ ਦਾ ਫੋਨ ਬਾਹਰ ਬੈਠੇ ਕਿਸੇ ਵਿਅਕਤੀ ਦੇ ਫੋਨ ਨਾਲ ਕਨੈਕਟ ਸੀ, ਜੋ ਕਿ ਬਾਹਰ ਤੋਂ ਇਨ੍ਹਾਂ ਤੋਂ ਸਵਾਲ ਸੁਣ ਕੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ। ਦੋਵੇਂ ਭਾਰਤੀਆਂ ਨੂੰ ਇਟਲੀ ਦੇ ਕਾਨੂੰਨ ਅਨੁਸਾਰ ਪ੍ਰੀਖਿਆ ਕੇਂਦਰ ਵਿਚ ਧੋਖਾਧੜੀ ਕਰਨ ਦੇ ਜੁਰਮ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਇਨ੍ਹਾਂ ਦੀ ਮਦਦ ਕਰਨ ਵਾਲੇ ਵਿਅਕਤੀਆਂ ਦੀ ਭਾਲ ਕਰ ਰਹੀ ਹੈ ਕਿ ਇਸ ਜਾਲਸਾਜੀ ਵਿਚ ਕਿੰਨੇ ਹੋਰ ਲੋਕ ਸ਼ਾਮਲ ਹੋ ਸਕਦੇ ਹਨ। ਅਗਲੀ ਕਾਰਵਾਈ ਅਦਾਲਤ ਦੇ ਹੁਕਮਾਂ ਅਨੁਸਾਰ ਕੀਤੀ ਜਾਵੇਗੀ। ਉਪਰੋਕਤ ਘਟਨਾਵਾਂ ਨੇ ਇਕ ਵਾਰ ਫਿਰ ਇਟਲੀ ਵਿਚ ਰਹਿੰਦੇ ਭਾਰਤੀਆਂ ਦੇ ਮਾਣ-ਸਤਿਕਾਰ ਨੂੰ ਸਮਾਜਿਕ ਤੌਰ 'ਤੇ ਪ੍ਰਭਾਵਿਤ ਕੀਤਾ ਹੈ।