ਪਹਿਲੀ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਕਰਾਉਣ ਵਾਲੇ ''ਤੇ ਕੇਸ ਦਰਜ

05/12/2018 3:14:14 PM

ਖਰੜ (ਸ਼ਸ਼ੀ) : ਖਰੜ ਸਦਰ ਪੁਲਸ ਨੇ ਪਿੰਡ ਤਿਉੜ ਦੀ ਇਕ ਲੜਕੀ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਪਹਿਲੀ ਪਤਨੀ ਦੇ ਜਿਊਂਦਿਆਂ ਦੂਜੀ ਨਾਲ ਕਥਿਤ ਵਿਆਹ ਕਰਵਾਉਣ ਦੇ ਦੋਸ਼ ਅਧੀਨ ਉਸ ਦੇ ਪਤੀ ਮਨਮਿੰਦਰ ਸਿੰਘ ਵਾਸੀ ਰਾਜਪੁਰਾ ਵਿਰੁੱਧ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਇਸ ਪੀੜਤ ਲੜਕੀ ਦੀ ਮਾਂ ਕ੍ਰਿਸ਼ਨਾ ਦੇਵੀ ਵਾਸੀ ਤਿਉੜ ਨੇ ਜ਼ਿਲਾ ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦੀ ਲੜਕੀ ਅੰਜੂ ਦਾ ਵਿਆਹ 2004 ਵਿਚ ਮਨਮਿੰਦਰ ਸਿੰਘ ਨਾਲ ਹੋਇਆ ਸੀ ਤੇ ਉਹ 13 ਸਾਲਾਂ ਤੋਂ ਰਾਜਪੁਰਾ ਵਿਖੇ ਰਹਿ ਰਹੀ ਹੈ। ਸ਼ੁਰੂ ਤੋਂ ਹੀ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਤੰਗ-ਪਰੇਸ਼ਾਨ ਕਰਦੇ ਸਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਮਨਮਿੰਦਰ ਸਿੰਘ ਵਿਆਹ ਤੋਂ ਪਹਿਲਾਂ ਇਕ ਔਰਤ ਨਾਲ ਰਹਿੰਦਾ ਸੀ, ਜਿਸ ਨਾਲ ਉਹ ਹੁਣ ਵਿਆਹ ਤੋਂ ਬਾਅਦ ਵੀ ਰਹਿ ਰਿਹਾ ਹੈ। ਮਨਮਿੰਦਰ ਸਿੰਘ ਕਾਰਨ ਹੀ ਇਸ ਦੂਜੀ ਔਰਤ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ ਸੀ।
ਉਸ ਨੇ ਦੋਸ਼ ਲਾਇਆ ਹੈ ਕਿ ਕੁਝ ਸਾਲ ਪਹਿਲਾਂ ਵੀ ਉਸ ਦੇ ਸਹੁਰੇ ਪਰਿਵਾਰ ਨੇ ਕੁੱਟ-ਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਇਸ ਤੋਂ ਤੰਗ ਆ ਕੇ ਲੜਕੀ ਨੇ 8 ਮਾਰਚ 2013 ਨੂੰ ਚੰਡੀਗੜ੍ਹ-ਪਟਿਆਲਾ ਦੇ ਰਸਤੇ ਵਿਚ ਪੈਂਦੀ ਨਹਿਰ ਵਿਚ ਛਾਲ ਮਾਰ ਦਿੱਤੀ ਸੀ ਪਰ ਕਿਸੇ ਵਿਅਕਤੀ ਨੇ ਉਸ ਨੂੰ ਨਹਿਰ ਵਿਚ ਬਾਹਰ ਕੱਢ ਲਿਆ ਸੀ। ਇਸ ਸਬੰਧੀ ਰਾਜਪੁਰਾ ਪੁਲਸ ਨੂੰ ਦੱਸਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਪੁਲਸ ਨੇ ਦੋਵਾਂ ਧਿਰਾਂ ਨੂ ੰਸਮਝਾ ਕੇ ਘਰ ਭੇਜ ਦਿੱਤਾ ਸੀ। ਹੁਣ ਇਹ ਲੜਕੀ ਬੂਟੀਕ ਦਾ ਕੰਮ ਕਰਨ ਲੱਗ ਪਈ ਤੇ ਆਪਣਾ ਗੁਜ਼ਾਰਾ ਸ਼ੁਰੂ ਕਰ ਦਿੱਤਾ। ਉਸ ਦਾ ਪਤੀ ਮਨਮਿੰਦਰ ਸਿੰਘ 2 ਸਾਲਾਂ ਤੋਂ ਘਰ ਨਹੀਂ ਆਇਆ।
ਉਨ੍ਹਾਂ ਦੋਸ਼ ਲਾਇਆ ਹੈ ਕਿ ਮਨਮਿੰਦਰ ਦੂਜੀ ਔਰਤ ਨਾਲ ਸ਼ਰੇਆਮ ਰਹਿ ਰਿਹਾ ਹੈ ਅਤੇ ਉਸ ਦੀ ਮਾਂ ਉਸ ਨੂੰ ਪੂਰੀ ਸ਼ਹਿ ਦੇ ਰਹੀ ਹੈ। ਉਸ ਨੇ 28 ਅਗਸਤ 2015 ਨੂੰ ਰਾਜਪੁਰਾ ਪੁਲਸ ਚੌਕੀ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਪਤਾ ਲੱਗਾ ਹੈ ਕਿ ਮਨਿੰਦਰ ਸਿੰਘ ਤੇ ਉਸ ਔਰਤ ਦਾ ਇਕ ਬੱਚਾ ਵੀ ਹੈ। 
ਇਸੇ ਦੌਰਾਨ ਐੱਫ. ਆਈ. ਆਰ. ਵਿਚ ਲਿਖਿਆ ਗਿਆ ਹੈ ਕਿ ਇਸ ਦੀ ਪੜਤਾਲ ਡੀ. ਐੱਸ. ਪੀ. (ਸ) ਨੇ ਕੀਤੀ, ਜਿਨ੍ਹਾਂ ਨੇ ਆਪਣੀ ਪੜਤਾਲ ਵਿਚ ਲਿਖਿਆ ਹੈ ਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਮਨਮਿੰਦਰ ਆਪਣੀ ਮਾਂ ਦੀ ਸ਼ਹਿ 'ਤੇ ਸ਼ਰਾਬ ਪੀ ਕੇ ਘਰ ਆਉਂਦਾ ਸੀ ਅਤੇ ਆਪਣੀ ਪਤਨੀ ਅੰਜੂ ਨਾਲ ਕੁੱਟ-ਮਾਰ ਕਰਦਾ ਸੀ। ਮਨਮਿੰਦਰ ਨੇ ਅੰਜੂ ਤੋਂ ਤਲਾਕ ਲਏ ਬਗੈਰ ਹੀ ਇਕ ਔਰਤ ਨਾਲ ਵਿਆਹ ਕਰਵਾਇਆ ਹੋਇਆ ਹੈ ਤੇ ਉਨ੍ਹਾਂ ਦੀ ਇਕ ਲੜਕੀ ਵੀ ਹੈ।