ਹਾਕੀ ਵਰਲਡ ਕੱਪ ਜੇਤੂ ਖਿਡਾਰੀਆਂ ਨੂੰ ਡੇਢ ਸਾਲ ਬਾਅਦ ਵੀ ਨਹੀਂ ਮਿਲੀ ਇਨਾਮੀ ਰਕਮ

05/25/2018 9:49:03 AM

ਨਵੀਂ ਦਿੱਲੀ— ਹਾਕੀ ਖਿਡਾਰੀ ਹਰਜੀਤ ਦੀ ਅਸਲ ਜ਼ਿੰਦਗੀ 'ਤੇ ਬਣੀ ਫਿਲਮ ' ਹਰਜੀਤਾ' ਨੂੰ ਦੇਖ ਕੇ ਦਰਸ਼ਕ ਬਹੁਤ ਪਿਆਰ ਦੇ ਰਹੇ ਹਨ। ਇਕ ਨਿੱਕਰ ਦੇ ਲਈ ਹਾਕੀ ਦੀ ਸ਼ੁਰੂਆਤ ਕਰਨ ਵਾਲੇ ਹਰਜੀਤ ਦੀ ਅਗਵਾਈ 'ਚ 2016 'ਚ ਭਾਰਤੀ ਟੀਮ ਨੇ 15 ਸਾਲ ਬਾਅਦ ਜੂਨੀਅਰ ਵਰਲਡ ਕੱਪ ਆਪਣੇ ਨਾਮ ਕੀਤਾ ਸੀ। ਉਸ ਸਮੇਂ ਅਕਾਲੀ-ਭਾਜਪਾ ਸਰਕਾਰ 'ਚ ਡਿਪਟੀ ਸੀ.ਐੱਮ. ਸੁਖਬੀਰ ਬਾਦਲ ਨੇ ਦਸੰਬਰ 2016 'ਚ ਪੰਜਾਬ ਦੇ 10 ਖਿਡਾਰੀਆਂ ਨੂੰ 25-25 ਲੱਖ ਦੇਣ ਦੀ ਘੋਸ਼ਣਾ ਕੀਤੀ ਸੀ। ਕਾਗਜ਼ੀ ਕਾਰਵਾਈ ਵੀ ਹੋ ਗਈ ਸੀ ਪਰ ਡੇਢ ਸਾਲ ਬਾਅਦ ਵੀ ਕਿਸੇ ਹਾਕੀ ਖਿਡਾਰੀ ਨੂੰ ਪੈਸੇ ਨਹੀਂ ਮਿਲੇ। ਸਾਲ 2017 'ਚ ਸਰਕਾਰ ਬਦਲ ਗਈ ਅਤੇ ਵਰਲਡ ਕੱਪ ਜੇਤੂ ਖਿਡਾਰੀ ਇਨਾਮੀ ਰਾਸ਼ੀ ਦਾ ਹਜੇ ਤੱਕ ਇੰਤਜ਼ਾਰ ਕਰ ਰਹੇ ਹਨ। ਟੀਮ 'ਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਪੰਜਾਬੀ ਖਿਡਾਰੀਆਂ ਦੀ ਸੀ ਪਰ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਵੀ ਨਹੀਂ ਕੀਤਾ ਗਿਆ।

-ਵਰਲਡ ਕਪ ਵਿਜੇਤਾ ਟੀਮ 'ਚ ਪੰਜਾਬੀ ਖਿਡਾਰੀ
ਜਲੰਧਰ ਤੋਂ ਮਨਦੀਪ ਸਿੰਘ ਅਤੇ ਵਰੁਣ ਕੁਮਾਰ ਦੇ ਇਲਾਵਾ ਹਰਜੀਤ ਸਿੰਘ, ਸਿਮਰਨਜੀਤ ਸਿੰਘ, ਹਰਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਗੁਰਿੰਦਰ ਸਿੰਘ, ਵਿਕਰਮਜੀਤ ਸਿੰਘ, ਪਰਵਿੰਦਰ ਸਿੰਘ, ਕ੍ਰਿਸ਼ਣਾ ਪਾਠਕ ਸ਼ਾਮਲ ਸਨ। ਵਰਲਡ ਕੱਪ ਜੇਤੂ ਟੀਮ 'ਚ ਹਾਰਿਆਣਾ ਵਲੋਂ ਸੁਮਿਤ , ਮਨਪ੍ਰੀਤ, ਸੰਤਾ ਸਿੰਘ ਅਤੇ ਵਿਕਾਸ ਸਨ। ਹਰਿਆਣਾ ਸਰਕਾਰ ਵੱਲੋਂ ਵੀ ਖਿਡਾਰੀਆਂ ਨੂੰ 20-20 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਗਈ ਸੀ। ਪਿਛਲੇ ਦਿਨ੍ਹਾਂ 'ਚ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਲਈ ਪ੍ਰੋਗਰਾਮ ਰੱੱਖਿਆ ਸੀ ਪਰ ਕੈਂਸਿਲ ਹੋਣ ਦੇ ਕਾਰਨ ਇਨ੍ਹਾਂ ਖਿਡਾਰੀਆਂ ਨੂੰ ਵੀ ਹਜੇ ਤੱਕ ਘੋਸ਼ਿਤ ਰਾਸ਼ੀ ਨਹੀਂ ਦਿੱਤੀ ਗਈ ਪਰ ਖਿਡਾਰੀਆਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਹੈ ਅਤੇ ਹੁਣ ਜਲਦ ਉਨ੍ਹਾਂ ਨੂੰ ਇਹ ਪੈਸੇ ਮਿਲਣਗੇ। ਇਸਦੇ ਇਲਾਵਾ ਟੀਮ 'ਚ ਯੂ.ਪੀ. ਦੇ ਅਜੀਤ ਪਾਂਡੇ ਫਾਰਵਰਡ ਅਤੇ ਐੱਸ.ਪੀ ਗਵਾਲਿਅਰ ਨਾਲ ਅਰਮਾਨ ਕੁਰੈਸ਼ੀ ਫਾਰਵਰਡ ਅਤੇ ਉਡੀਸਾ ਦਾ ਵੀ ਇਕ ਖਿਡਾਰੀ ਸੀ।

-ਮੀਟਿੰਗ 'ਚ ਰੁਕੇ ਅਵਾਰਡ 'ਤੇ ਚਰਚਾ ਹੋਈ ਹੈ, ਜਲਦ ਦੇ ਦੇਣਗੇ- ਡਾਇਰੈਕਟਰ
ਪਿਛਲੇ ਦਿਨ੍ਹਾਂ 'ਚ ਪੰਜਾਬ ਦੇ ਨਵੇਂ ਸਪੋਰਟਸ ਮਨੀਸਟਰ ਰਾਣਾ ਗੁਰਮੀਤ ਸਿੰਘ ਸੋਢੀ ਬਣੇ ਹਨ ਅਤੇ ਸੰਜੇ ਕੁਮਾਰ ਵੀ ਨਵੇਂ ਪ੍ਰਿੰਸੀਪਲ ਸਪੋਰਟ ਸੈਕੇਟਰੀ ਬਣਾਏ ਗਏ ਹਨ। ਬੁੱਧਵਾਰ ਨੂੰ ਸਪੋਰਟਸ ਦੀ ਵੱਡੇ ਪੱਧਰ 'ਤੇ ਮੀਟਿੰਗ 'ਚ ਪੰਜਾਬ ਦੇ ਰੁਕੇ ਹੋਏ ਅਵਾਰਡ ਦੇ ਬਾਰੇ 'ਚ ਚਰਚਾ ਕੀਤੀ ਗਈ ਹੈ ਅਤੇ ਉਮੀਦ ਹੈ ਕਿ ਪੰਜਾਬ ਦੇ ਵਰਲਡ ਕੱਪ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੀ ਇਨਾਮੀ ਰਾਸ਼ੀ ਦੇ ਨਾਲ-ਨਾਲ ਬਾਕੀ ਅਵਾਰਡ ਵੀ ਦਿੱਤੇ ਜਾਣਗੇ। ਡਿਪਾਰਟਮੈਂਟ ਸਪੋਰਟਸ ਨੂੰ ਸਹੀ ਰਾਸਤੇ 'ਤੇ ਲਿਆਉਣ ਦੇ ਲਈ ਕੰਮ ਕਰ ਰਿਹਾ ਹੈ ਜਿਸ 'ਚ ਸਾਨੂੰ ਸਫਲਤਾ ਹਾਸਲ ਹੋਵੇਗੀ।