25 ਮਈ ਤੋਂ ਸ਼ਰੂ ਹੋਣ ਵਾਲੀ ਹੇਮਕੁੰਟ ਸਾਹਿਬ ਯਾਤਰਾ ''ਤੇ ਵਿਸ਼ੇਸ਼

05/24/2018 4:46:24 PM

ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਿਤ ਹੈ ਤਹਾਂ....... 
ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਰਿਸ਼ੀਕੇਸ਼ ਤੋਂ ਬਦਰੀਨਾਥ ਮਾਰਗ ਰਾਹੀਂ ਜਾਇਆ ਜਾਂਦਾ ਹੈ। ਜੋਸ਼ੀ ਮੱਠ ਤੋਂ ਵੀਹ ਕੁ ਕਿਲੋ ਮੀਟਰ ਅੱਗੇ ਗੋਬਿੰਦ ਘਾਟ ਆਉਂਦਾ ਹੈ। ਪਹਿਲਾਂ ਸਿਰਫ਼ ਇੱਥੋਂ ਤੱਕ ਹੀ ਵਹੀਕਲ ਜਾਂਦੇ ਸਨ ਪਰ ਹੁਣ ਚਾਰ ਕਿਲੋਮੀਟਰ ਅੱਗੇ ਤੱਕ ਵਹੀਕਲ ਜਾਣ ਲੱਗ ਪਏ ਹਨ। ਤਕਰੀਬਨ 13 ਕਿਲੋਮੀਟਰ ਦਾ ਰਸਤਾ ਪੈਦਲ ਤਹਿ ਕੀਤਾ ਜਾਂਦਾ ਹੈ ਜੋ ਸੰਗਤ ਪੈਦਲ ਨਹੀਂ ਜਾ ਸਕਦੀ ਉਹ ਘੋੜੇ ਜਾਂ ਕਾਂਡੀ ਦਾ ਸਹਾਰਾ ਲੈ ਕੇ ਜਾ ਸਕਦੀ ਹੈ, ਹੁਣ ਗੋਬਿੰਦਘਾਟ ਤੋਂ ਗੋਬਿੰਦਧਾਮ ਤੱਕ ਹਵਾਈ ਸੇਵਾ ਵੀ ਸ਼ੁਰੂ ਹੋ ਚੁੱਕੀ ਹੈ। ਅੱਗੇ ਗੁਰਦੁਆਰਾ ਗੋਬਿੰਦ ਧਾਮ ਹੈ ਜਿੱਥੇ ਯਾਤਰੀ ਵਿਸ਼ਰਾਮ ਕਰਦੇ ਹਨ ਤੇ ਅਗਲੇ ਦਿਨ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ ਜਾਂਦੀ ਹੈ। ਜੋ ਤਕਰੀਬਨ ਇੱਕ ਪਾਸੇ ਸੱਤ ਕਿਲੋਮੀਟਰ ਹੈ। ਸੰਗਤਾਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਾ ਕੇ ਚੜ੍ਹਾਈ ਚੜ੍ਹਨੀ ਸ਼ੁਰੂ ਕਰਦੀਆਂ ਹਨ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸਫ਼ਰ ਤੈਅ ਕਰਦੀਆਂ ਹਨ ਅਤੇ ਸਰੋਵਰ ਵਿਚ ਜਾ ਕੇ ਇਸ਼ਨਾਨ ਕਰਦੀਆਂ ਹਨ। ਹੇਮਕੁੰਟ ਸਾਹਿਬ ਦਾ ਸਬੰਧ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ ਜਿਸ ਦਾ ਜ਼ਿਕਰ ਉਨ੍ਹਾਂ ਨੇ ਦਸਮ ਗ੍ਰੰਥ ਵਿਚ ਕੀਤਾ ਹੈ। ਹੇਮਕੁੰਟ ਸਾਹਿਬ ਦੀ ਖੋਜ ਕਰਨ ਵਾਲੇ ਸੰਤ ਸੋਹਣ ਸਿੰਘ ਜੀ ਜੋ ਟੀਹਰੀ (ਗੜਵਾਲ) ਵਿਚ ਸੰਗਤਾਂ ਨੂੰ ਸਾਧੂ ਸੰਤਾਂ ਦੇ ਪ੍ਰਵਚਨ ਸੁਣਾਇਆ ਕਰਦੇ ਸਨ, ਦੇ ਮਨ ਵਿਚ ਇਸ ਪਵਿੱਤਰ ਸਥਾਨ ਨੂੰ ਲੱਭਣ ਦੀ ਇੱਛਾ ਜਾਗੀ। ਸੋਹਣ ਸਿੰਘ ਗੁਰੂ ਜੀ ਪ੍ਰਤੀ ਅਥਾਹ ਸ਼ਰਧਾ ਰੱਖਦੇ ਸਨ, ਉਨ੍ਹਾਂ ਨੇ ਇਸ ਸਥਾਨ ਨੂੰ ਲੱਭਣ ਦੀ ਠਾਣ ਲਈ ਅਤੇ ਉਨ੍ਹਾਂ ਨੇ ਆਲੇ-ਦੁਆਲੇ ਦੇ ਲੋਕਾਂ ਅਤੇ ਸਾਧੂ ਸੰਤਾਂ ਤੋਂ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਉਹ ਕਈ ਦਿਨ ਇੱਧਰ ਉੱਧਰ ਖੋਜ ਕਰਦੇ ਹੋਏ ਬਦਰੀਨਾਥ ਪਹੁੰਚੇ ਅਤੇ ਉੱਥੋਂ ਵਾਪਸ ਆਉਂਦੇ ਸਮੇਂ ਪਾਂਡੂਕਸ਼ੇਵਰ ਰੁਕੇ, ਉੱਥੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਾਂਡੂਕੇਸ਼ਵਰ ਨੂੰ ਰਾਜਾ ਪਾਂਡੂ ਦੀ ਤਪ ਭੂਮੀ ਹੋਣ ਕਰਕੇ ਪਾਂਡੂਕੇਸ਼ਵਰ ਕਿਹਾ ਜਾਂਦਾ ਹੈ। ਸਵੇਰੇ ਕੁਝ ਸਥਾਨਕ ਲੋਕ ਇਕੱਠੇ ਹੋ ਕੇ ਕਿਤੇ ਜਾ ਰਹੇ ਸਨ, ਸੰਤ ਜੀ ਵੱਲੋਂ ਪੁੱਛਣ 'ਤੇ ਪਤਾ ਲੱਗਿਆ ਕਿ ਇਹ ਲੋਕ ਹੇਮਕੁੰਟ ਲੋਕਪਾਲ ਤੀਰਥ ਵਿਚ ਇਸ਼ਨਾਨ ਕਰਨ ਜਾ ਰਹੇ ਹਨ। ਸੰਤ ਜੀ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲ ਪਏ। ਸੰਨ 1934 ਤੱਕ ਅਲਕ ਨੰਦਾ ਨਦੀ ਉੱਤੇ ਕੋਈ ਪੁਲ ਨਹੀਂ ਸੀ, ਲੋਕ ਇਕ ਰੱਸੀ ਦੇ ਸਹਾਰੇ ਨਦੀ ਪਾਰ ਕਰਦੇ ਸਨ, ਬਾਕੀ ਯਾਤਰੀਆਂ ਨਾਲ ਸੰਤ ਜੀ ਰਾਤ ਤੱਕ ਘਾਘਰੀਆਂ ਪਹੁੰਚੇ ਅਤੇ ਅਗਲੇ ਦਿਨ ਹੇਮਕੁੰਟ ਸਾਹਿਬ ਪੁੱਜੇ, ਉੱਥੇ ਪਹੁੰਚਦੇ ਹੀ ਸੰਤ ਜੀ ਨੂੰ ਸੱਤ ਚੋਟੀਆਂ ਵਾਲੇ ਪਰਬਤ ਸਪਤਸ੍ਰਿੰਗ ਦਿਖਾਈ ਦਿੱਤਾ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਬਲੇ ਜਨਮ ਵਿਚ ਤਪੱਸਿਆ ਕੀਤੀ ਸੀ,ਜਿਸ ਦਾ ਜਿਕਰ ਦਸਮ ਗ੍ਰੰਥ ਵਿਚ ਮਿਲਦਾ ਹੈ।
ਹੁਣ ਸੰਤ ਜੀ ਉਹ ਥਾਂ ਦੀ ਪਹਿਚਾਣ ਕਰਨ ਵਿਚ ਜੁੱਟ ਗਏ ਜਿੱਥੇ ਗੁਰੂ ਜੀ ਨੇ ਤਪੱਸਿਆ ਕੀਤੀ ਸੀ। ਇਹ ਬਹੁਤ ਔਖਾ ਕੰਮ ਸੀ, ਕਿਹਾ ਜਾਂਦਾ ਹੈ ਕਿ ਸੰਤ ਜੀ ਨੇ ਅਰਦਾਸ ਕੀਤੀ ਕਿ ਪ੍ਰਭੂ ਆਪ ਦੀ ਕਿਰਪਾ ਨਾਲ ਮੈ ਤਪੋ ਭੂਮੀ ਤੱਕ ਤਾਂ ਆ ਗਿਆ ਹਾਂ ਹੁਣ ਕ੍ਰਿਪਾ ਕਰਕੇ ਮੈਨੂੰ ਉਹ ਥਾਂ ਦੇ ਦਰਸ਼ਨ ਵੀ ਕਰਵਾਓ ਜਿੱਥੇ ਆਪ ਜੀ ਤਪੱਸਿਆ ਕਰਕੇ ਉਸ ਪ੍ਰਮਾਤਮਾ ਵਿਚ ਲੀਨ ਹੋ ਗਏ। ਜਿਵੇਂ ਹੀ ਸੰਤ ਜੀ ਨੇ ਅਰਦਾਸ ਪੂਰੀ ਕੀਤੀ ਕਮਰ ਤੱਕ ਜਟਾਂ, ਨਾਭੀ ਤੱਕ ਦਾੜੀ ਰੱਖੇ ਤੇ ਸ਼ੇਰ ਦੀ ਖੱਲ ਪਹਿਨ ਕੇ ਇਕ ਜੋਗੀ ਪ੍ਰਗਟ ਹੋ ਕੇ ਬੋਲਿਆ ਖ਼ਾਲਸਾ ਜੀ ਕਿਸ ਨੂੰ ਲੱਭ ਰਹੇ ਹੋ? ਤਾਂ ਸੰਤ ਜੀ ਬੋਲੇ ਮੈਂ ਆਪਣੇ ਗੁਰੂ ਦਾ ਸਥਾਨ ਲੱਭ ਰਿਹਾ ਹਾਂ, ਜੋਗੀ ਨੇ ਕਿਹਾ ਕਿ ਇਹ     ਉਹੀ ਸਿਲਾ ਹੈ ਜਿੱਥੇ ਗੁਰੂ ਜੀ ਬੈਠਕੇ ਤਪੱਸਿਆ ਕਰਦੇ ਸਨ, ਇਹ ਸੁਣ ਕੇ ਸੰਤ ਜੀ ਦੇ ਨੈਣਾਂ ਵਿਚੋਂ ਖ਼ੁਸ਼ੀ ਦੀ ਧਾਰ ਵਗਣ ਲੱਗੀ, ਇੰਨੇ ਨੂੰ ਉਹ ਯੋਗੀ ਅਲੋਪ ਹੋ ਗਿਆ। ਸੰਤ ਜੀ ਨੇ ਜੋਗੀ ਦੀ ਚਰਨ ਧੂੜ ਮੱਥੇ ਲਾਈ ਅਤੇ ਵਾਪਸ ਆ ਗਏ। ਕੁਝ ਦਿਨਾਂ ਬਾਅਦ ਸੰਤ ਜੀ ਨੇ ਅੰਮ੍ਰਿਤਸਰ ਜਾ ਕੇ ਭਾਈ ਵੀਰ ਸਿੰਘ ਜੀ ਨੂੰ ਸਾਰੀ ਗੱਲ ਦੱਸੀ,ਵੀਰ ਜੀ ਸਿੰਘ ਇਹ ਸੁਣ ਕੇ ਬਹੁਤ ਖੁਸ਼ ਹੋਏ ਅਤੇ ਸੰਤ ਜੀ ਨੂੰ ਕਿਹਾ ਕਿ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਇਸ ਪ੍ਰਕਾਰ ਉੱਨੀ ਸੌ ਛੱਤੀ ਵਿਚ ਇਥੇ ਇਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣ ਕੇ ਤਰਾਂ ਹੋਇਆ 1937 ਵਿਚ ਇਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ।
ਹੇਮਕੁੰਟ ਸਾਹਿਬ ਦੀ ਉਚਾਈ 15210 ਫੁੱਟ ਹੈ, ਜ਼ਿਆਦਾ ਉਚਾਈ ਹੋਣ ਕਰਕੇ ਆਕਸੀਜਨ ਦੀ ਘਾਟ ਕਾਰਨ ਉੱਥੇ ਆਮ ਯਾਤਰੀਆਂ ਦੇ ਠਹਿਰਨ ਦਾ ਕੋਈ ਪ੍ਰਬੰਧ ਪੱਕੇ ਤੌਰ 'ਤੇ ਨਹੀਂ ਕੀਤਾ ਜਾ ਸਕਦਾ। ਸ਼ਰਧਾਲੂ ਸ਼ਾਮ ਮੱਥਾ ਟੇਕ ਕੇ ਸ਼ਾਮ ਨੂੰ ਮੁੜ ਗੋਬਿੰਦ ਧਾਮ (ਘਾਘਰੀਆ) ਵਾਪਸ ਆ ਜਾਂਦੇ ਸਨ,ਜਿੱਥੇ ਕਿ ਰਹਿਣ ਦਾ ਯੋਗ ਪ੍ਰਬੰਧ ਹੈ। ਇਹ ਸਥਾਨ ਉੱਤਰਾਖੰਡ ਦੇ ਚਮੋਲੀ ਜ਼ਿਲੇ ਵਿਚ ਪੈਂਦਾ ਹੈ। ਇਸ ਦੀਆਂ ਸੱਤ ਚੋਟੀਆਂ 'ਤੇ ਖਾਲਸੇ ਦੇ ਨਿਸ਼ਾਨ ਸਾਹਿਬ ਝੂਲਦਿਆਂ ਨੇ। ਹੇਮਕੁੰਟ ਸੰਸਕ੍ਰਿਤੀ ਦਾ ਸ਼ਬਦ ਹੈ ਜਿਸ ਦਾ ਭਾਵ ਬਰਫ਼ ਕੁੰਡ ਕਟੋਰਾ ਹੈ। ਕਹਿੰਦੇ ਨੇ ਇੱਥੇ ਪਾਂਡਵਾਂ ਨੇ ਵੀ ਤੱਪ ਕੀਤਾ ਹੈ ਤੇ ਇੱਥੇ ਇਕ ਮੰਦਰ ਵੀ ਬਣਿਆ ਹੋਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪੰਡਤ ਤਾਰਾ ਸਿੰਘ ਨਰੋਤਮ ਜੋ ਵਿਦਵਾਨ ਸੀ, ਹੇਮਕੁੰਟ ਸਾਹਿਬ ਭੂਗੋਲਿਕ ਸਥਿਤੀ ਦਾ ਪਤਾ ਲਗਾਉਣ ਵਾਲੇ ਪਹਿਲੇ ਸਿੱਖ ਸਨ। ਅੱਜ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਇਲਾਵਾ ਹਰਿਦੁਆਰ, ਰਿਸ਼ੀਕੇਸ਼, ਸ੍ਰੀਨਗਰ, ਗੋਬਿੰਦਘਾਟ ਅਤੇ ਗੋਬਿੰਦਧਾਮ ਦਾ ਪ੍ਰਬੰਧ ਹੇਮਕੁੰਟ ਸਾਹਿਬ ਟਰੱਸਟ ਦੇ ਹੱਥ ਹੈ ਜਿਸ ਵੱਲੋਂ ਸੰਗਤ ਦੀ ਹਰ ਸਹੂਲਤ ਦਾ ਖਿਆਲ ਰੱਖਿਆ ਜਾਂਦਾ ਹੈ। ਪਹਿਲਾਂ ਇਹ ਯਾਤਰਾ ਪੰਜ ਜੂਨ ਤੋਂ ਸ਼ੁਰੂ ਹੁੰਦੀ ਸੀ। ਫਿਰ ਇਕ ਜੂਨ ਤੋਂ ਤੇ ਅੱਜਕਲ• ਇਹ 25 ਮਈ ਤੋਂ ਸ਼ੁਰੂ ਹੁੰਦੀ ਹੈ। 2013 ਵਿਚ ਹੜ੍ਹ•ਆਉਣ ਕਾਰਨ ਸਾਲਾਨਾ ਯਾਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ ਜਿਸ ਕਰਕੇ ਯਾਤਰੀਆਂ ਦੀ ਗਿਣਤੀ ਵਿਚ ਕਮੀ ਆਈ ਸੀ ਪਰ 2017 ਵਿਚ ਲਗਭਗ ਢਾਈ ਲੱਖ ਸੰਗਤਾਂ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ। ਯਾਤਰੀਆਂ ਨੂੰ ਆਪਣਾ ਆਧਾਰ ਕਾਰਡ ਨਾਲ ਲਿਜਾਣਾ ਜ਼ਰੂਰੀ ਹੈ ਅਤੇ ਰਿਸ਼ੀਕੇਸ਼ ਵਿਖੇ ਆਪਣਾ ਨਾਂ ਅਡਰੈੱਸ ਕੰਪਿਊਟਰ ਵਿਚ ਦਰਜ ਕਰਾਉਣਾ ਚਾਹੀਦਾ ਹੈ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਕੁਦਰਤੀ ਸਾਫ ਵਾਤਾਵਰਨ ਨੂੰ ਗੰਧਲਾ ਨਾ ਕੀਤਾ ਜਾਵੇ, ਪਲਾਸਟਿਕ ਦੇ ਲਿਫਾਫੇ ਨਾ ਵਰਤੇ ਜਾਣ ਅਤੇ ਯਾਤਰਾ ਸੰਬੰਧੀ ਟਰੱਸਟ ਤੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਇਸ ਯਾਤਰਾ ਨੂੰ ਯਾਤਰਾ ਹੀ ਸਮਝਿਆ ਜਾਵੇ ਨਾ ਕਿ ਹਿੱਲ ਸਟੇਸ਼ਨ। ਸੋ 25 ਮਈ 2018 ਤੋਂ ਸ਼ੁਰੂ ਹੋ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜੋ ਦਸ ਅਕਤੂਬਰ 2018 ਤੱਕ ਚੱਲਣੀ ਹੈ। ਕੋਸ਼ਿਸ਼ ਕਰੀਏ ਕਿ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਜਾਣ।
ਧੰਨਵਾਦ!
ਬਲਜਿੰਦਰ ਸਿੰਘ ਪਨਾਗ
ਬੁੱਲੇਪੁਰ(ਖੰਨਾ)
ਫੋਨ-9417191346