ਇਟਲੀ ਦੇ ਗੈਰ-ਕਾਨੂੰਨੀ ਵਿਦੇਸ਼ੀਆਂ ਲਈ ਇਹ ਚੰਗਾ ਸਮਾਂ ਹੈ ਆਪਣੇ ਬੈਗ ਤਿਆਰ ਕਰਨ ਦਾ :ਮਤੇਓ ਸਲਵੀਨੀ

06/03/2018 4:39:23 PM

ਰੋਮ/ਇਟਲੀ (ਦਲਵੀਰ ਕੈਂਥ)— ਦੁਨੀਆ ਵਿਚ ਬਹੁਤ ਘੱਟ ਅਜਿਹੀਆਂ ਸਰਕਾਰਾਂ ਜਾਂ ਨੇਤਾ ਹੋਣਗੇ ਜਿਹੜੇ ਕਿ ਵੋਟਾਂ ਤੋਂ ਪਹਿਲਾਂ ਆਪਣੇ ਦੇਸ਼ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਸਰਕਾਰ ਬਣਨ ਦੇ ਦੂਜੇ ਦਿਨ ਹੀ ਅਮਲੀ ਜਾਮਾ ਪਹਿਨਾਉਣ ਲਈ ਵਹੀਰਾਂ ਘੱਤ ਦੇਣ। ਅਜਿਹੇ ਹੀ ਨੇਤਾ ਹਨ ਇਟਲੀ ਦੀ ਨਵੀਂ ਸਰਕਾਰ ਦੇ ਨਵੇਂ ਗ੍ਰਹਿ ਮੰਤਰੀ ਮਤੇਓ ਸਲਵੀਨੀ ਜਿਹਨਾਂ ਕਿ ਵੋਟਾਂ ਤੋਂ ਪਹਿਲਾਂ ਇਟਲੀ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਸੱਤਾਧਾਰੀ ਹੋਣ ਤੋਂ ਬਾਅਦ ਉਹ ਦੇਸ਼ ਵਿੱਚੋਂ ਗੈਰ-ਕਾਨੂੰਨੀ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦੇਣਗੇ। ਹੁਣ ਜਦੋਂ ਮਤੇਓ ਸਲਵੀਨੀ ਇਟਲੀ ਦੇ ਗ੍ਰਹਿ ਮੰਤਰੀ ਬਣ ਗਏ ਹਨ ਤਾਂ ਦੇਸ਼ ਵਿਚ ਗੈਰ-ਕਾਨੂੰਨੀ ਦੀ ਆਮਦ ਵਿਚ ਹੋ ਰਹੇ ਇਜ਼ਾਫੇ ਪ੍ਰਤੀ ਪੂਰੀ ਤਰ੍ਹਾਂ ਸੰਜੀਦਾ ਹੋ ਇਟਲੀ ਦੇ ਉਹਨਾਂ ਸਭ ਇਲਾਕਿਆਂ ਉਪੱਰ ਚੌਕਸੀ ਵਧਾ ਰਹੇ ਹਨ, ਜਿੱਥੋਂ ਕਿ ਗੈਰ-ਕਾਨੂੰਨੀ ਵਿਦੇਸ਼ੀ ਦਾਖਲ ਹੁੰਦੇ ਹਨ।ਗ੍ਰਹਿ ਮੰਤਰੀ ਮਤੇਓ ਸਲਵੀਨੀ ਨੇ ਆਪਣੇ ਇਕ ਵਿਸ਼ੇਸ਼ ਬਿਆਨ ਵਿਚ ਕਿਹਾ ਕਿ ਇਟਲੀ ਦੇ ਗੈਰ-ਕਾਨੂੰਨੀ ਵਿਦੇਸ਼ੀਆਂ ਲਈ ਇਹ ਚੰਗਾ ਸਮਾਂ ਹੈ ਉਹ ਆਪਣੇ ਬੈਗ ਤਿਆਰ ਕਰ ਲੈਣ।
ਜ਼ਿਕਰਯੋਗ ਹੈ ਕਿ ਇਟਲੀ ਦੀ ਪਹਿਲੀ ਸਰਕਾਰ ਨੇ ਲੀਬੀਆ ਸਰਕਾਰ ਨਾਲ ਹੋਏ ਉਸ ਇਕਰਾਰਨਾਮੇ ਨੂੰ ਰੱਦ ਕਰ ਦਿੱਤਾ ਸੀ ਜਿਸ ਅਧੀਨ ਉਹ ਲੀਬੀਆ ਤੋਂ ਆ ਰਹੇ ਲੋਕਾਂ ਨੂੰ ਪੂਰੀ ਤਰ੍ਹਾਂ ਕਾਨੂੰਨੀ ਸਹਾਇਤਾ ਪ੍ਰਦਾਨ ਕਰ ਰਹੇ ਸਨ। ਇਸ ਫੈਸਲੇ ਤੋਂ ਬਾਅਦ ਪਿਛਲੇ ਸਾਲ ਹੀ ਗੈਰ-ਕਾਨੂੰਨੀ ਵਿਦੇਸ਼ੀਆਂ ਦੀ ਆਮਦ ਵਿਚ 75 ਫੀਸਦੀ ਗਿਰਾਵਟ ਆਈ ਸੀ ਪਰ ਇਸ ਸਾਲ 4-5 ਮਹੀਨਿਆਂ ਵਿਚ ਹੀ ਸਰਕਾਰੀ ਰਿਕਾਰਡ ਅਨੁਸਾਰ 13500 ਗੈਰ-ਕਾਨੂੰਨੀ ਵਿਦੇਸ਼ੀ ਸਮੁੰਦਰ ਰਾਸਤੇ ਇਟਲੀ ਵਿਚ ਦਾਖਲ ਹੋ ਚੁੱਕੇ ਹਨ ।ਗ੍ਰਹਿ ਮੰਤਰੀ ਮਤੇਓ ਸਲਵੀਨੀ ਨੇ ਇਸ ਸੰਬੰਧੀ ਕਿਹਾ ਕਿ ਉਹ ਆਪਣੇ ਮੰਤਰਾਲੇ ਦੇ ਮਾਹਿਰਾਂ ਨਾਲ ਵਿਸਥਾਰਪੂਰਵਕ ਗੱਲਬਾਤ ਕਰ ਰਹੇ ਹਨ ਕਿ ਉਹ ਕਿਸ ਢੰਗ ਨਾਲ ਗੈਰ-ਕਾਨੂੰਨੀ ਵਿਦੇਸ਼ੀਆਂ ਦੀ ਇਟਲੀ ਆਮਦ ਤੇ ਰੋਕ ਲਗਾ ਕੇ ਮੌਜੂਦ ਗੈਰ-ਕਾਨੂੰਨੀਆਂ ਨੂੰ ਬਾਹਰ ਕਰ ਸਕਦੇ ਹਨ। ਉਂਝ ਸਾਲ 2017 ਵਿਚ 6500 ਗੈਰ-ਕਾਨੂੰਨੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ।ਇਟਲੀ ਦੀ ਸਾਬਕਾ ਸਰਕਾਰ ਦਾ ਪਹਿਲਾ ਪ੍ਰਵਾਸੀਆਂ ਲਈ 4.2 ਅਰਬ ਯੂਰੋ ਦਾ ਬਜਟ ਸੀ ਜਿਸ ਵਿਚ 18 ਫੀਸਦੀ ਸਮੁੰਦਰੀ ਤੱਟ ਉੱਤੇ ਬਚਾਉਣ ਲਈ, 13 ਫੀਸਦੀ ਸਿਹਤ ਸੰਭਾਲ 65 ਫੀਸਦੀ ਪ੍ਰਵਾਸੀ ਸਵਾਗਤੀ ਕੇਂਦਰਾਂ ਲਈ ਸੀ।ਇਹਨਾਂ ਕੇਂਦਰਾਂ ਵਿਚ 170,000 ਲੋਕਾਂ ਦੀ ਆਮਦ ਹੋਈ।ਸਾਲ 2013 ਤੋਂ ਹੁਣ ਤੱਕ ਸਰਕਾਰੀ ਰਿਕਾਰਡ ਅਨੁਸਾਰ 700,000 ਤੋਂ ਵੱਧ ਪ੍ਰਵਾਸੀਆਂ ਦੀ ਆਮਦ ਹੋਈ ਹੈ, ਜਿਸ ਕਾਰਨ ਇਟਲੀ ਦੀ ਆਰਥਿਕਤਾ ਉਪੱਰ ਕਾਫ਼ੀ ਮਾੜਾ ਪ੍ਰਭਾਵ ਪਿਆ।
ਇਟਲੀ ਦੀ ਨਵੀਂ ਸਰਕਾਰ ਦੇ ਗ੍ਰਹਿ ਮੰਤਰੀ ਮਤੇਓ ਸਲਵੀਨੀ ਨੇ ਜੇਕਰ ਸੱਚਮੁੱਚ ਹੀ ਇਟਲੀ ਵਿਚ ਮਿਹਨਤ ਮੁਸ਼ਕਤ ਕਰਨ ਵਾਲੇ ਗੈਰ-ਕਾਨੂੰਨੀ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਆਪਣੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਰਵਾਈ ਨੂੰ ਅੰਜਾਮ ਦਿੱਤਾ ਤਾਂ ਸਲਵੀਨੀ ਦੇ ਇਸ ਹਿੱਟਲਰਸ਼ਾਹੀ ਫਰਮਾਨ ਨਾਲ ਹੋਰ ਦੇਸ਼ਾਂ ਦੇ ਨਾਲ-ਨਾਲ ਇਟਲੀ ਵਿਚ ਰਹਿੰਦੇ ਹਜ਼ਾਰਾਂ ਗੈਰ-ਕਾਨੂੰਨੀ ਭਾਰਤੀ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਣਗੇ ।ਇਸ ਕਾਰਵਾਈ ਨਾਲ ਸਲਵੀਨੀ ਇਕ-ਇਕ ਗੈਰ-ਕਾਨੂੰਨੀ ਵਿਦੇਸ਼ੀ ਨਾਲ ਜੁੜੇ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਵੀ ਅਨੇਕਾਂ ਮੁਸੀਬਤਾਂ ਝੱਲਣ ਲਈ ਲਾਚਾਰ ਤੇ ਬੇਵੱਸ ਕਰ ਦੇਣਗੇ।


Related News