ਸੋਨਾ 240 ਰੁਪਏ ਸਸਤਾ, ਚਾਂਦੀ ਦੀਆਂ ਕੀਮਤਾਂ ''ਚ ਵਾਧਾ

05/17/2018 4:43:32 PM

ਨਵੀਂ ਦਿੱਲੀ — ਗਲੋਬਲ ਬਾਜ਼ਾਰ 'ਚ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਗਿਰਾਵਟ ਅਤੇ ਘਰੇਲੂ ਬਾਜ਼ਾਰ ਵਿਚ ਗਹਿਣਿਆਂ ਦੀ ਮੰਗ 'ਚ ਸੁਸਤੀ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਅੱਜ 240 ਰੁਪਏ ਡਿੱਗ ਕੇ 31,780 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਹਾਲਾਂਕਿ ਇਸ ਦੌਰਾਨ ਉਦਯੋਗਿਕ ਮੰਗ ਕਾਰਨ ਚਾਂਦੀ 'ਚ 100 ਰੁਪਏ ਦੀ ਤੇਜ਼ੀ ਦੇਖੀ ਗਈ ਅਤੇ ਇਹ 40,750 ਰੁਪਏ ਪ੍ਰਤੀ ਕਿਲੋਗਰਾਮ ਬੋਲੀ ਗਈ।
ਕੌਮਾਂਤਰੀ ਬਾਜ਼ਾਰ 'ਚ ਲੰਡਨ ਦਾ ਸੋਨਾ ਹਾਜਿਰ 2.70 ਡਾਲਰ ਤੋਂ ਫਿਸਲ ਕੇ 1,288.50 ਡਾਲਰ ਪ੍ਰਤੀ ਔਂਸ ਰਿਹਾ। ਅਮਰੀਕਾ ਦਾ ਜੂਨ ਸੋਨਾ ਵੀ 3.2 ਡਾਲਰ ਦੀ ਗਿਰਾਵਟ ਨਾਲ 1,288.30 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਚਾਂਦੀ ਵੀ 0.01 ਡਾਲਰ ਫਿਸਲ ਕੇ 16.34 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਵਿਸ਼ਲੇਸ਼ਕਾਂ ਅਨੁਸਾਰ ਦੁਨੀਆਂ ਦੀਆਂ ਹੋਰ ਮੁਦਰਾਵਾਂ ਵਿਚੋਂ ਡਾਲਰ ਦੇ ਮਜ਼ਬੂਤ ਹੋਣ ਕਾਰਨ ਪੀਲੀ ਧਾਤੂ 'ਤੇ ਦਬਾਅ ਵਧਿਆ ਹੈ। ਇਸ ਤੋਂ ਇਲਾਵਾ ਅਮਰੀਕੀ ਬਾਂਡ ਯੀਲਡ ਦੇ ਸਾਲ 2011 ਤੋਂ ਬਾਅਦ ਉੱਚੇ ਪੱਧਰ 'ਤੇ ਪਹੁੰਚਣ ਕਾਰਨ ਇਸਦੀ ਮੰਗ ਕਮਜ਼ੋਰ ਹੋ ਗਈ ਹੈ। ਨਿਵੇਸ਼ਕਾਂ ਵਿਚ ਅਮਰੀਕੀ ਆਰਥਿਕ ਦ੍ਰਿਸ਼ਟੀਕੋਣਾਂ ਨੂੰ ਲੈ ਕੇ ਧਾਰਨਾ ਸਕਾਰਾਤਮਕ ਹੈ ਜਿਸ ਕਾਰਨ ਉਨ੍ਹਾਂ ਦਾ ਰੁਝਾਨ ਸੁਰੱਖਿਅਤ ਨਿਵੇਸ਼ ਵਿਚ ਘੱਟ ਗਿਆ ਹੈ।