ਸੋਨੇ ਦੀਆਂ ਕੀਮਤਾਂ ਵਿਚ ਵਾਧਾ, ਚਾਂਦੀ ਦੇ ਭਾਅ ਡਿੱਗੇ

05/24/2018 3:40:22 PM

ਨਵੀਂ ਦਿੱਲੀ — ਸਕਾਰਾਤਮਕ ਗਲੋਬਲ ਸੰਕੇਤਾਂ ਅਤੇ ਸਥਾਨਕ ਗਹਿਣਿਆਂ ਦੇ ਵਪਾਰੀਆਂ ਵਲੋਂ ਦੂਜੇ ਦਿਨ ਜਾਰੀ ਖਰੀਦਦਾਰੀ ਕਾਰਨ ਅੱਜ ਲਗਾਤਾਰ ਸੋਨ 'ਚ ਤੇਜ਼ੀ ਦਰਜ ਕੀਤੀ ਗਈ। ਦਿੱਲੀ ਸਰਾਫ਼ਾ ਬਾਜ਼ਾਰ 'ਚ ਸੋਨਾ 125 ਰੁਪਏ ਚੜ੍ਹ ਕੇ 32,125 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ। ਹਾਲਾਂਕਿ ਚਾਂਦੀ ਨੂੰ ਮੌਜੂਦਾ ਉੱਚ ਪੱਧਰ 'ਤੇ ਟਾਕਰੇ ਦਾ ਸਾਹਮਣਾ ਕਰਨਾ ਪਿਆ ਅਤੇ ਚਾਂਦੀ 100 ਰੁਪਏ ਟੁੱਟ ਕੇ 41,300 ਰੁਪਏ ਪ੍ਰਤੀ ਕਿਲੋਗਰਾਮ 'ਤੇ ਆ ਗਈ। 
ਬਾਜ਼ਾਰੀ ਸੂਤਰਾਂ ਅਨੁਸਾਰ ਮਜ਼ਬੂਤ ਸੰਸਾਰਕ ਰੁਖ ਕਾਰਨ ਸੋਨੇ 'ਚ ਤੇਜ਼ੀ ਜਾਰੀ ਰਹੀ। ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ ਦੇ ਵੇਰਵੇ ਤੋਂ ਪਤਾ ਲੱਗਾ ਕਿ ਕੇਂਦਰੀ ਬੈਂਕ ਅਮਰੀਕਾ ਵਿਚ ਵਿਆਜ ਦਰਾਂ ਨੂੰ ਲੈ ਕੇ ਨਰਮ ਰੁਖ ਰੱਖੇਗਾ। ਇਸ ਕਾਰਨ ਡਾਲਰਾਂ  'ਚ ਨੁਕਸਾਨ ਹੋਰ ਵਧ ਗਿਆ। ਗਲੋਬਲ ਪੱਧਰ 'ਤੇ ਸਿੰਗਾਪੁਰ ਵਿਚ ਸੋਨਾ 0.21 ਫੀਸਦੀ ਦੇ ਵਾਧੇ ਨਾਲ 1,295.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਘਰੇਲੂ ਹਾਜਿਰ ਬਾਜ਼ਾਰ ਵਿਚ ਸਥਾਨਕ ਜੌਹਰੀਆਂ ਦੀ ਲਗਾਤਾਰ ਗਾਹਕੀ ਕਾਰਨ ਵੀ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲਿਆ।
ਰਾਸ਼ਟਰੀ ਰਾਜਧਾਨੀ 'ਚ 99.9 ਅਤੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 125-125 ਰੁਪਏ ਚੜ੍ਹ ਕੇ ਕ੍ਰਮਵਾਰ 32,125 ਰੁਪਏ ਅਤੇ 31,975 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਕੱਲ੍ਹ ਦੇ ਕਾਰੋਬਾਰ ਵਿਚ ਇਸ ਨੇ 120 ਰੁਪਏ ਦਾ ਵਾਧਾ ਦਰਜ ਕੀਤਾ ਸੀ। 8 ਗ੍ਰਾਮ ਵਾਲੀ ਗਿੱਨੀ ਦੀ ਕੀਮਤ ਹਾਲਾਂਕਿ 24,800 ਰੁਪਏ ਪ੍ਰਤੀ ਇਕਾਈ 'ਤੇ ਕਾਇਮ ਰਹੀ। ਦੂਸਰੇ ਪਾਸੇ ਚਾਂਦੀ ਹਾਜਿਰ 100 ਰੁਪਏ ਟੁੱਟ ਕੇ 41,300 ਰੁਪਏ ਪ੍ਰਤੀ ਕਿਲੋਗਰਾਮ 'ਤੇ ਆ ਗਈ। ਹਫਤਾਵਾਰੀ ਡਿਲਵਰੀ ਦੀ ਕੀਮਤ 20 ਰੁਪਏ ਟੁੱਟ ਕੇ 40,460 ਰੁਪਏ ਪ੍ਰਤੀ ਕਿਲੋਗਰਾਮ ਰਹਿ ਗਈ। ਹਾਲਾਂਕਿ ਚਾਂਦੀ ਖਰੀਦ 76,000 ਰੁਪਏ ਪ੍ਰਤੀ ਸੈਕੜਾਂ ਅਤੇ ਵਿਕਰੀ 77,000 ਰੁਪਏ ਪ੍ਰਤੀ ਸੈਂਕੜਾਂ 'ਤੇ ਕਾਇਮ ਰਹੀ।