ਲੋਕਾਂ ਦੀ ਉਡੀਕ ਹੋਈ ਖਤਮ, ਜੁਸੇਪੇ ਕੋਨਤੇ ਬਣੇ ਇਟਲੀ ਦੇ ਨਵੇਂ ਪ੍ਰਧਾਨ ਮੰਤਰੀ

05/24/2018 4:39:20 PM

ਰੋਮ (ਦਲਵੀਰ ਕੈਂਥ)— ਇਟਲੀ ਵਿਚ ਨਵੀਂ ਸਰਕਾਰ ਅਤੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਨੂੰ ਲੈ ਕੇ ਚੱਲ ਰਹੀ ਰਾਜਨੀਤਕ ਖਿੱਚ-ਧੂਹ ਨੂੰ ਆਖਿਰ ਕਿਨਾਰਾ ਮਿਲ ਹੀ ਗਿਆ। ਕਿਉਂਕਿ ਬੀਤੇ ਦਿਨ ਸ਼ਾਮ ਨੂੰ ਰਾਸ਼ਟਰਪਤੀ ਸੇਰਜੀਓ ਮੇਤਾਰੇਲਾ ਨੇ ਸੱਜੇਪੱਖੀ ਰਾਜਨੀਤਕ ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਲਈ ਅੱਗੇ ਲਿਆਂਦੇ ਜੁਸੇਪੇ ਕੋਨਤੇ ਨੂੰ ਸਹੁੰ ਚੁੱਕਾ ਦਿੱਤੀ ਹੈ। ਇਟਲੀ ਦੇ ਰਾਸ਼ਟਰਪਤੀ ਸੇਰਜੀਓ ਮੇਤਾਰੇਲਾ ਨੇ ਰੋਮ ਵਿਚ ਇਕ ਨਵੀਂ ਲੋਕਪਾਲ ਸਰਕਾਰ ਦਾ ਗਠਬੰਧਨ ਕੀਤਾ, ਜਿਸ ਦੀ ਅਗਵਾਈ ਜੁਸੇਪੇ ਕੋਨਤੇ ਕਰਨਗੇ।
ਬੇਸ਼ੱਕ ਜੁਸੇਪੇ ਕੋਨਤੇ ਦੀ ਪੜ੍ਹਾਈ ਸੰਬਧੀ ਕਾਫ਼ੀ ਵਿਵਾਦ ਛਿੜ ਰਹੇ ਸਨ ਪਰ ਇਸ ਦੇ ਬਾਵਜੂਦ ਇਟਲੀ ਦੀ ਨਵੀਂ ਸਰਕਾਰ ਬਣਾਉਣ ਲਈ ਅਧਿਕਾਰ ਦੇਣ ਦਾ ਫੈਸਲਾ ਇਟਲੀ ਦੇ ਰਾਸ਼ਟਰਪਤੀ ਨੇ ਕਰ ਹੀ ਦਿੱਤਾ। ਕੋਨਤੇ ਨੂੰ ਨਵੀਂ ਸਰਕਾਰ ਦੇ ਮੰਤਰੀ ਮੰਡਲ ਬਣਾਉਣ ਦਾ ਅਧਿਕਾਰ ਮਿਲ ਗਿਆ ਹੈ ਤੇ ਹੋ ਸਕਦਾ ਹੈ ਉਹ ਜਲਦੀ ਹੀ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਨਗੇ। ਸਹੁੰ ਚੁੱਕਣ ਤੋਂ ਬਾਅਦ ਜੁਸੇਪੇ ਕੋਨਤੇ ਨੇ ਇਟਲੀ ਦੇਸ਼ ਸੰਬਧੀ ਆਪਣੇ ਪਹਿਲੇ ਬਿਆਨ ਵਿਚ ਕਿਹਾ ਕਿ “ਉਹ ਇਟਲੀ ਦੀ ਯੂਰਪੀਅਨ ਅਤੇ ਅੰਤਰਰਾਸ਼ਟਰੀ ਸਥਿਤੀ ਜਾਨਣ ਲਈ ਪੂਰੀ ਤਰ੍ਹਾਂ ਸੰਜੀਦਾ ਹਨ ਅਤੇ ਉਹ “ਇਟਾਲੀਅਨ ਲੋਕਾਂ ਦੀ ਇਕ ਬਚਾਅ ਪੱਖ ਦੇ ਵਕੀਲ ਵਾਂਗ ਦੇਖ-ਰੇਖ ਕਰਨਗੇ।'' ਪ੍ਰਧਾਨ ਮੰਤਰੀ ਜੁਸੇਪੇ ਕੋਨਤੇ ਨੇ ਰਾਸ਼ਟਰਪਤੀ ਸੇਰਜੀਓ ਮੇਤਾਰੇਲਾ ਨਾਲ ਕਰੀਬ 2 ਘੰਟੇ ਵਿਸਥਾਰਪੂਵਕ ਗੱਲਬਾਤ ਕੀਤੀ।