ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸਬੰਧ, ਮਾਮਲਾ ਦਰਜ

05/23/2018 7:19:04 AM

ਨਵਾਂਸ਼ਹਿਰ (ਤ੍ਰਿਪਾਠੀ)— ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਵਾਲੇ ਨੌਜਵਾਨ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਲੜਕੀ ਨੇ ਦੱਸਿਆ ਕਿ ਉਸ ਦੀ ਉਮਰ 29 ਸਾਲ ਹੈ ਅਤੇ ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਆਸ਼ੀਸ਼ ਸੋਨੀ ਪੁੱਤਰ ਤਰਸੇਮ ਲਾਲ ਨੂੰ ਪਿਛਲੇ ਕਰੀਬ 10-12 ਸਾਲਾਂ ਤੋਂ ਜਾਣਦੀ ਹੈ। ਉਕਤ ਅਸ਼ੀਸ਼ ਨੇ ਉਸ ਨੂੰ ਵਿਆਹ ਕਰਨ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਸਥਾਪਤ ਕਰ ਲਏ ਅਤੇ ਉਹ ਉਸ ਨੂੰ ਲੁਧਿਆਣਾ 'ਚ ਕਿਰਾਏ 'ਤੇ ਇਕ ਕਮਰੇ ਦੇ ਇਲਾਵਾ ਹੋਰ ਥਾਵਾਂ 'ਤੇ ਵੀ ਘੁੰਮਣ ਲੈ ਜਾਂਦਾ ਸੀ, ਜਿੱਥੇ ਉਹ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਸੀ ।  ਉਸ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਉਕਤ ਆਸ਼ੀਸ਼ ਸੋਨੀ ਨੂੰ ਵਿਆਹ ਕਰਨ ਲਈ ਕਹਿ ਰਹੀ ਸੀ ਅਤੇ ਇਸ ਸਬੰਧੀ ਉਹ ਦੋਵੇਂ ਰੋਪੜ ਹੈੱਡ 'ਤੇ ਵੀ ਮਿਲੇ ਸਨ, ਜਿੱਥੇ ਆਸ਼ੀਸ਼ ਸੋਨੀ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤ ਉਸ ਦਾ ਵਿਆਹ ਕਿਤੇ ਹੋਰ ਕਰਨਾ ਚਾਹੁੰਦੇ ਹਨ, ਇਸ ਲਈ ਉਹ ਉਸ ਨਾਲ ਵਿਆਹ ਨਹੀਂ ਕਰ ਸਕਦਾ । 
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਸੋਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ। ਉਸ ਨੇ ਇਸ ਸਬੰਧੀ ਪੂਰੀ ਜਾਣਕਾਰੀ ਆਪਣੀ ਮਾਤਾ ਨੂੰ ਦਿੱਤੀ, ਜਿਸ ਉਪਰੰਤ ਉਸ ਦੀ ਮਾਤਾ ਨੇ ਆਸ਼ੀਸ਼ ਸੋਨੀ ਦੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਪਰ ਉਹ ਵਿਆਹ ਲਈ ਨਹੀਂ ਮੰਨੇ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਇਨਸਾਫ ਦੇਣ ਅਤੇ ਦੋਸ਼ੀ ਨੌਜਵਾਨ ਖਿਲਾਫ ਕਾਨੂੰਨ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥਾਣਾ ਬਲਾਚੌਰ ਦੀ ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ 'ਤੇ ਅਸ਼ੀਸ਼ ਸੋਨੀ ਪੁੱਤਰ ਤਰਸੇਮ ਸੋਨੀ ਖਿਲਾਫ ਧਾਰਾ 376 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।