ਹਵਾਈ ਯਾਤਰੀਆਂ ਲਈ ਤੋਹਫਾ, 24 ਘੰਟਿਆਂ ''ਚ ਟਿਕਟ ਰੱਦ ਕਰਨ ''ਤੇ ਨਹੀਂ ਦੇਣਾ ਹੋਵੇਗਾ ਚਾਰਜ

05/23/2018 2:00:30 AM

ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਹਵਾਈ ਯਾਤਰਾ ਕਰਨ ਵਾਲਿਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਸਰਕਾਰ ਨੇ ਫਲਾਈਟ ਟਿਕਟ ਕੈਂਸਲ ਕਰਨ 'ਚ ਜਹਾਜ਼ ਕੰਪਨੀਆਂ ਦੀ ਮਨਮਾਨੀ ਖਤਮ ਕਰਨ ਅਤੇ ਅਚਾਨਕ ਫਲਾਈਟ ਰੱਦ ਹੋਣ 'ਤੇ ਅਗਲੀ ਫਲਾਈਟ ਦੀ ਟਿਕਟ ਦੇਣ ਦੀ ਸਮੱਸਿਆ ਤੋਂ ਛੁੱਟਕਾਰਾ ਦਿਲਾਉਣ ਲਈ ਪੈਸੇਂਜਰ ਚਾਰਟਰ ਦਾ ਡ੍ਰਾਫਟ ਜਾਰੀ ਕੀਤਾ ਹੈ।
ਕੇਂਦਰੀ ਕੈਬਿਨੇਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਮੰਗਲਵਾਰ ਨੂੰ ਡ੍ਰਾਫਟ ਦੇ ਪ੍ਰਬੰਧਾਂ ਦੀ ਜਾਣਕਾਰੀ ਦਿੰਦੇ ਹੋਏ ਨਾਗਰਿਕ ਉਡਾਨ ਸੂਬਾ ਮੰਤਰੀ ਜੈਅੰਤ ਸਿਨਹਾ ਨੇ ਦੱਸਿਆ ਕਿ ਫਲਾਈਟ ਬੁੱਕਿੰਗ ਤੋਂ ਬਾਅਦ 24 ਘੰਟੇ ਦਾ ਲਾਕ-ਇਨ ਆਪਸ਼ਨ ਹੋਵੇਗਾ। ਇਸ ਤੋਂ ਬਾਅਦ ਅਤੇ ਜਹਾਜ਼ ਦੇ ਉਡਾਨ ਭਰਨ ਤੋਂ 96 ਘੰਟੇ ਪਹਿਲਾਂ ਤਕ ਟਿਕਟ ਕੈਂਸਲ ਕਰਨ 'ਤੇ ਕੋਈ ਚਾਰਜ ਨਹੀਂ ਦੇਣਾ ਹੋਵੇਗਾ।
ਏਅਰਲਾਈਨਜ਼ ਅਤੇ ਉਸ ਦੇ ਏਜੰਟ ਕਿਸੇ ਵੀ ਹਾਲਤ 'ਚ ਯਾਤਰੀਆਂ ਤੋਂ ਫਲਾਈਟ ਟਿਕਟ ਕੈਂਸਲੇਸ਼ਨ ਚਾਰਜ ਬੇਸਿਕ ਫੇਅਰ ਅਤੇ ਫਿਊਲ ਚਾਰਜ ਤੋਂ ਜ਼ਿਆਦਾ ਨਹੀਂ ਲੈ ਸਕਣਗੇ। ਨਾਲ ਹੀ ਫਲਾਈਟ ਟਿਕਟ ਦਾ ਕੈਂਸਲੇਸ਼ਨ ਚਾਰਜ ਟਿਕਟ 'ਤੇ ਪ੍ਰਿੰਟ ਕੀਤਾ ਜਾਵੇਗਾ। ਇਸ ਦੇ ਨਾਲ ਹੀ 24 ਘੰਟੇ ਦੇ ਅੰਦਰ ਟਿਕਟ 'ਚ ਨਾਮ ਅਤੇ ਪਤਾ ਵਰਗੇ ਬਦਲਾਅ ਵੀ ਫਰੀ 'ਚ ਕਰਵਾਏ ਜਾ ਸਕਣਗੇ। ਉਨ੍ਹਾਂ ਨੇ ਪੇਪਰਲੇਸ ਯਾਤਰਾ ਲਈ ਬਾਓਮੈਟ੍ਰਿਕ ਆਧਾਰਿਤ 'ਡਿਜੀ-ਯਾਤਰਾ' (Digiyatra
) ਦੀ ਵੀ ਸ਼ੁਰੂਆਤ ਕੀਤੀ ਹੈ। ਇਸ ਨਾਲ ਘਰੇਲੂ ਹਵਾਈ ਯਾਤਰੀਆਂ ਨੂੰ ਵੀ ਜਲਦ ਹੀ ਏਅਰਪੋਰਟ 'ਤੇ ਪੂਰੀ ਤਰ੍ਹਾਂ ਕਾਗਜ਼ ਰਹਿਤ ਬੋਡਿੰਗ ਦੀ ਸੁਵਿਧਾ ਮਿਲ ਸਕੇਗੀ।
ਨਾਗਰਿਕ ਉਡਾਨ ਸੂਬਾ ਮੰਤਰੀ ਨੇ ਕਿਹਾ ਕਿ ਜੇਕਰ ਜਹਾਜ਼ ਕੰਪਨੀਆਂ ਦੀ ਗਲਤੀ ਤੋਂ ਫਲਾਈਟ 'ਚ ਦੇਰੀ ਹੁੰਦੀ ਹੈ, ਤਾਂ ਉਨ੍ਹਾਂ ਨੇ ਯਾਤਰੀਆਂ ਨੂੰ ਇਸ ਦਾ ਹਰਜਾਨਾ ਦੇਣਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਫਲਾਈਟ ਅਗਲੇ ਦਿਨ ਤਕ ਲਈ ਡਿਲੇਅ ਹੁੰਦੀ ਹੈ, ਤਾਂ ਬਿਨਾ ਕਿਸੇ ਵਾਧੂ ਚਾਰਜ ਲਈ ਯਾਤਰੀਆਂ ਦੇ ਹੋਟਲ 'ਚ ਰੁਕਣ ਦੀ ਵਿਵਸਥਾ ਕਰਨੀ ਹੋਵੇਗੀ।